ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੁਲਿਸ ਪ੍ਰਮੁੱਖ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨ, ਸੂਬੇ ਵਿੱਚ ਅੱਤਵਾਦ ਨੂੰ ਵਧਾ ਰਿਹਾ ਹੈ। ਨੌਜਵਾਨਾਂ ਨੂੰ ਕੱਟਰਪੰਥੀ ਬਣਾਉਣ ਲਈ ਪਾਕਿ ਵੱਲੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਸੂਬਾ ਪੁਲਿਸ ਅਤੇ ਭਾਰਤੀ ਫ਼ੌਜ ਲਈ ਵੱਡੀ ਚੁਣੌਤੀ ਹੈ।
ਪੁਲਿਸ ਮੁਖੀ ਨੇ ਇਹ ਭਰੋਸਾ ਦਿੱਤਾ ਕਿ ਪੁਲਿਸ ਅਤੇ ਸੁਰੱਖਿਆ ਬਲ ਇਨ੍ਹਾਂ ਚੁਣੌਤੀਆਂ ਤੋਂ ਨਿੱਜਠਣ ਦੀ ਸਮਰੱਥਾ ਰੱਖਦੇ ਹਨ, ਕਿਉਂਕਿ ਉਹ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕੇ ਹਨ। ਜੰਮੂ ਕਸ਼ਮੀਰ ਪੁਲਿਸ ਦੇ ਮੁਖੀ ਨੇ ਇਹ ਗੱਲ ਕਾਲੇਜ ਆਫ਼ ਏਅਰ ਵਾਰਫੇਅਰ ਦੇ ਸਿਖਲਾਈ ਅਧਿਕਾਰੀਆਂ ਨਾਲ ਖ਼ਾਸ ਚਰਚਾ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਅੱਤਵਾਦੀਆਂ ਨੂੰ ਸਰਹੱਦ ਨੇੜੇ ਲਾਂਚ ਪੈਡ ਉੱਤੇ ਭੇਜਿਆ ਗਿਆ ਹੈ।
ਉਨ੍ਹਾਂ ਭਰੋਸਾ ਜਤਾਇਆ ਕਿ ਪੁਲਿਸ ਅਤੇ ਸੁਰੱਖਿਆ ਬਲ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਕਰਨਗੇ। ਸਿੰਘ ਨੇ ਕਿਹਾ, ਸਾਰੇ ਸੁਰੱਖਿਆ ਬਲਾਂ ਨਾਲ ਸੂਬਾ ਪੁਲਿਸ ਦੇ ਸਬੰਧ ਵਧੀਆ ਹਨ। ਸੂਬੇ ਵਿੱਚ ਸੁਰੱਖਿਆ ਬਲਾਂ ਅਤੇ ਪੁਲਿਸ ਵਿਚਾਲੇ ਇਕ ਤਾਲਮੇਲ ਹੈ। ਇਸ ਦੀ ਪੁਸ਼ਟੀ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੂਬੇ ਦੇ ਲੋਕਾਂ ਵਿੱਚ ਵੀ ਚੰਗੇ ਸੰਬੰਧ ਹਨ, ਜੋ ਕਿ ਸੂਬੇ ਅੰਦਰ ਅਮਨ-ਕਾਨੂੰਨ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ।