ਨਵੀਂ ਦਿੱਲੀ: ਪਾਕਿਸਤਾਨੀ ਕੰਪਨੀ 'ਹਮਦਰਦ' ਨੇ ਭਾਰਤ ਵਿੱਚ ਰੂਹ ਆਫਜ਼ਾ ਦੀ ਕਮੀ ਦੀ ਪੂਰਤੀ ਕਰਨ ਲਈ ਭਾਰਤ ਨੂੰ ਪੇਸ਼ਕਸ਼ ਕੀਤੀ ਹੈ। ਹਮਦਰਦ ਕੰਪਨੀ ਨੇ ਇਹ ਪ੍ਰਸਤਾਵ ਪਵਿੱਤਰ ਮਹੀਨੇ ਰਮਜ਼ਾਨ ਦੌਰਾਨ ਗਰਮੀ ਤੋਂ ਤਾਜ਼ਗੀ ਲਿਆਉਣ ਵਾਲੇ ਇਸ ਸ਼ਰਬਤ ਵਿੱਚ ਆਈ ਕਮੀ ਤੋਂ ਬਾਅਦ ਦਿੱਤਾ ਹੈ।
ਇੱਕ ਭਾਰਤੀ ਵੈੱਬਸਾਇਟ ਉੱਤੇ ਲੱਗੇ ਲੇਖ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਮਦਰਦ ਦੇ ਮੁੱਖ ਕਾਰਜਕਾਰੀ ਉਸਮਾ ਕੁਰੈਸ਼ੀ ਨੇ ਭਾਰਤ ਨੂੰ ਰੂਹਆਫਜ਼ਾ ਦੀ ਵਾਹਘਾ ਸਰਹੱਦ ਰਾਹੀਂ ਸਪਲਾਈ ਕਰਨ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ, "ਅਸੀਂ ਇਸ ਰਮਜ਼ਾਨ ਦੌਰਾਨ ਭਾਰਤ ਵਿੱਚ ਰੂਹ ਆਫਜ਼ਾ ਅਤੇ ਰੂਹ ਅਫਜਾਗੋ ਦੀ ਸਪਲਾਈ ਕਰ ਸਕਦੇ ਹਾਂ। ਜੇ ਭਾਰਤ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਅਸੀਂ ਵਾਹਘਾ ਸਰਹੱਦ ਰਾਹੀਂ ਟਰੱਕ ਭੇਜ ਸਕਦੇ ਹਾਂ।”
ਭਾਰਤੀ ਲੇਖ ਵਿੱਚ ਲਿਖਿਆ ਗਿਆ ਹੈ ਕਿ ਰੂਹ ਆਫਜ਼ਾ ਦੀ ਭਾਰਤੀ ਬਜ਼ਾਰ ਵਿੱਚ 4 ਤੋਂ 5 ਮਹੀਨਿਆਂ ਤੋਂ ਵਿੱਕਰੀ ਬੰਦ ਹੈ ਅਤੇ ਇਹ ਆਨਲਾਈਨ ਸਟੋਰ ਵਿੱਚ ਵੀ ਮੌਜੂਦ ਨਹੀਂ ਹੈ।
ਦੱਸ ਦਈਏ ਕਿ ਰਮਜ਼ਾਨ ਮਹੀਨੇ ਵਿੱਚ ਰੂਹ ਆਫਜ਼ਾ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ। ਗਰਮੀ ਕਾਰਨ ਇਫ਼ਤਾਰੀ ਸਮੇਂ ਇਸਦਾ ਵੱਧ ਇਸਤੇਮਾਲ ਕੀਤਾ ਜਾਂਦਾ ਹੈ।