ਨਵੀਂ ਦਿੱਲੀ: ਭਾਰਤ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਆਪਣਾ ਸਟਾਫ 50 ਫੀਸਦੀ ਘੱਟ ਕਰਨ ਲਈ ਕਿਹਾ ਹੈ। ਪਾਕਿਸਤਾਨ ਕੂਟਨੀਤਕ ਸਬੰਧਾਂ ਦੇ ਮਾਮਲੇ ਵਿੱਚ ਵਿਆਨਾ ਸੰਮੇਲਨ ਦੀ ਲਗਾਤਾਰ ਉਲੰਘਣਾ ਕਰਦਾ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਭਾਰਤ ਵੀ ਇਸਲਾਮਾਬਾਦ ਵਿੱਚ ਆਪਣੇ ਸਟਾਫ ਨੂੰ 50 ਫੀਸਦ ਘੱਟ ਕਰੇਗਾ। ਇਹ ਫੈਸਲਾ ਅਗਲੇ 7 ਦਿਨਾਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਭਾਰਤ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਂ ਕਿਹਾ ਕਿ ਭਾਰਤ ਦੇ ਬਾਰ-ਬਾਰ ਕਹਿਣ ਤੋਂ ਬਾਅਦ ਵੀ ਪਾਕਿਸਤਾਨ ਦਾ ਰਵੱਈਆ ਕੂਟਨੀਤਕ ਸਬੰਧਾਂ ਦੇ ਮਾਪਦੰਡ ਨੂੰ ਪੂਰਾ ਨਹੀਂ ਉੱਤਰ ਰਿਹਾ। ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਜਾਸੂਸੀ ਅਤੇ ਅੱਤਵਾਦੀ ਸੰਗਠਨਾਂ ਨਾਲ ਮਿਲ ਰਹੇ ਹਨ। ਹਾਲ ਹੀ ਵਿੱਚ ਇਸ ਦੇ 2 ਅਧਿਕਾਰੀ ਜਾਸੂਸੀ ਕਰਦੇ ਵੇਲੇ ਰੰਗੇ ਹੱਥੀਂ ਫੜੇ ਗਏ ਸਨ।
ਦੂਜੇ ਪਾਸੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟਾਂ ਨੂੰ ਪਾਕਿਸਤਾਨ ਵੱਲੋਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਭਾਰਤ ਦੇ 2 ਕਰਮਚਾਰੀਆਂ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਉਨ੍ਹਾਂ ਨਾਲ ਬੇਰਹਿਮੀ ਨਾਲ ਸਲੂਕ ਕੀਤਾ ਗਿਆ ਸੀ ਅਤੇ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ।
22 ਜੂਨ ਨੂੰ ਦੇਸ਼ ਵਾਪਸ ਪਰਤਣ ਤੋਂ ਬਾਅਦ ਦੋਵਾਂ ਨੇ ਅੱਜ ਆਪਣੇ ਤਜ਼ਰਬਿਆਂ ਬਾਰੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਉੱਤੇ ਤਸ਼ੱਦਦ ਕੀਤੀ ਗਈ ਸੀ। ਪਾਕਿਸਤਾਨ ਵੀਏਨਾ ਸੰਧੀ ਤੇ ਦੋਹਾਂ ਦੇਸ਼ਾਂ ਦੇ ਵਿਚਾਲੇ ਕੂਟਨੀਤਕ ਸੰਬੰਧਾਂ ਨੂੰ ਲੈ ਕੇ ਹੋਏ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ੀ ਰਿਹਾ ਹੈ। ਇਸ ਫੈਸਲੇ ਦੇ ਲਾਗੂ ਹੋ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦੂਤਵਾਸ ਵਿੱਚ ਕਰੀਬ 55-55 ਸਟਾਫ ਰਹਿ ਜਾਵੇਗਾ।