ਨਵੀਂ ਦਿੱਲੀ:ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਤੋਂ ਵਤਨ ਪਰਤਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੂੰ ਕੋਈ ਸਰੀਰਕ ਕਸ਼ਟ ਤਾਂ ਨਹੀਂ ਦਿੱਤਾ ਗਿਆ ਪਰ ਮਾਨਸਕ ਤੌਰ 'ਤੇ ਤਸੀਹੇ ਦਿੱਤੇ ਗਏ। ਜਾਣਕਾਰੀ ਮੁਤਾਬਕ ਅਭਿਨੰਦਨ ਨੂੰ ਇਕੱਲਿਆਂ ਇੱਕ ਸੈੱਲ 'ਚ ਰੱਖਿਆ ਗਿਆ ਅਤੇ ਕੋਈ ਟੀਵੀ, ਅਖ਼ਬਾਰ ਦੀ ਸਹੂਲਤ ਵੀ ਨਹੀਂ ਦਿੱਤੀ ਗਈ।
ਸੂਤਰਾਂ ਮੁਤਾਬਕ ਲਗਭਗ 60 ਘੰਟੇ ਪਾਕਿਸਤਾਨ ਦੀ ਕੈਦ 'ਚ ਰਹੇ ਭਾਰਤੀ ਪਾਇਲਟ ਅਭਿਨੰਦਨ ਦੇ ਮਾਨਸਕ ਤਸੀਹੇ ਦਿੱਤੇ ਜਾਣਾ ਵੀ ਸੰਯੁਕਤ ਰਾਸ਼ਟਰ ਦੀ ਜਨੇਵਾ ਕਨਵੈਨਸ਼ਨ ਦੀ ਉਲੰਘਣਾ ਹੈ। ਸ਼ਾਇਦ ਆਉਣ ਵਾਲੇ ਸਮੇਂ 'ਚ ਭਾਰਤ ਸਰਕਾਰ ਇਸ ਵਿਰੁੱਧ ਸੰਯੁਕਤ ਰਾਸ਼ਟਰ 'ਚ ਸ਼ਿਕਾਇਤ ਕਰ ਸਕਦੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਟਾਰੀ-ਵਾਹਘਾ ਸਰਹੱਦ ਤੋਂ ਸ਼ੁੱਕਰਵਾਰ ਰਾਤ ਲਗਭਗ ਪੌਣੇ 12 ਵਜੇ ਦਿੱਲੀ ਲਿਆਂਦੇ ਗਏ ਵਿੰਗ ਕਮਾਂਡਰ ਅਭਿਨੰਦਨ ਨੂੰ ਤੁਰੰਤ ਹਵਾਈ ਫ਼ੌਜ ਦੇ ਕੇਂਦਰੀ ਮੈਡੀਕਲ ਇੰਸਟੀਚਿਊਟ ਲਿਜਾਇਆ ਗਿਆ। ਉੱਥੇ ਉਹ ਵੱਖ-ਵੱਖ ਮੈਡੀਕਲ ਜਾਂਚ ਤੋਂ ਲੰਘ ਰਹੇ ਹਨ। ਸਿਹਤ ਜਾਂਚ ਦਾ ਪੜਾਅ ਪੂਰਾ ਹੋ ਜਾਣ ਦੇ ਬਾਅਦ ਅਭਿਨੰਦਨ ਦੀ 'ਡੀਬ੍ਰੀਫਿੰਗ' (ਸਵਾਲ-ਜਵਾਬ) ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।