ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌ਼ਜੀਆਂ ਵੱਲੋਂ ਸ਼ੁੱਕਰਵਾਰ ਨੂੰ ਗੋਲੀਬਾਰੀ ਕੀਤੀ ਗਈ। ਇਸ ਵਿੱਚ ਤਿੰਨ ਆਮ ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਜ਼ਖ਼ਮੀ ਹੋ ਗਏ ਹਨ।
ਅਧਿਕਰੀਆਂ ਮੁਤਾਬਕ ਪਾਕਿਸਤਾਨ ਫੌ਼ਜ ਨੇ ਮੋਰਟਾਰ ਦੇ ਗੋਲ਼ੇ ਦਾਗੇ ਅਤੇ ਆਮ ਨਾਗਰਿਕਾਂ ਦੇ ਇਲਾਕੇ ਨੂੰ ਨਿਸ਼ਾਨਾ ਬਣਾਇਆ। ਭਾਰਤੀ ਜਵਾਨਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੁੰਛ ਜ਼ਿਲ੍ਹੇ 'ਚ ਭਾਰੀ ਗੋਲੀਬਾਰੀ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖ਼ਮੀ ਹੋ ਗਏ।
ਉਨ੍ਹਾਂ ਕਿਹਾ ਕਿ ਇਹ ਲਗਾਤਾਰ ਅੱਠਵਾਂ ਦਿਨ ਹੈ ਜਦੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ 6 ਸੈਕਟਰਾਂ 'ਚ ਆਮ ਨਾਗਰਿਕਾਂ ਦੇ ਇਲਾਕੇ ਅਤੇ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ।
ਪਿਛਲੇ ਇਕ ਹਫ਼ਤੇ 'ਚ ਪਾਕਿਸਤਾਨੀ ਫ਼ੌਜ ਨੇ 60 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਜੰਮੂ, ਪੁੰਛ, ਰਾਜੌਰੀ, ਜੰਮੂ ਅਤੇ ਬਾਰਾਮੂਲਾ ਜ਼ਿਲ੍ਹਿਆਂ 'ਚ 70 ਨਾਗਰਿਕ ਅਤੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋ ਗਏ।
ਮੌਜੂਦਾ ਹਾਲਤਾਂ ਨੂੰ ਵੇਖਦਿਆਂ ਅਧਿਕਾਰੀਆਂ ਨੇ ਰਾਜੌਰੀ ਅਤੇ ਪੁੰਛ 'ਚ ਬੰਦ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਹੈ।