ਨਵੀਂ ਦਿੱਲੀ: ਆਈ.ਐਨ.ਐਕਸ. ਮੀਡੀਆ ਮਾਮਲੇ ਵਿੱਚ ਹਿਰਾਸਤ 'ਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਕੋਰਟ ਵੱਲੋਂ ਈ.ਡੀ. ਦੇ ਦਾਅਵਿਆਂ ਨੂੰ ਰੱਦ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਜਮਾਨਤ ਅਰਜ਼ੀ ਰੱਦ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ।
ਵਿਸ਼ੇਸ਼ ਅਦਾਲਤ ਨੇ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਕੇਸ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਨਿਆਇਕ ਹਿਰਾਸਤ 11 ਦਸੰਬਰ ਤੱਕ ਵਧਾ ਦਿੱਤੀ ਹੈ।
ਚਿਦੰਬਰਮ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਚਿਦੰਬਰਮ ਨੂੰ ਜੇਲ 'ਚ ਰੱਖਣਾ ਸੁਪਰੀਮ ਕੋਰਟ 'ਤੇ ਪਾਏ ਗਏ ਦਬਾਅ ਵੱਲ ਵੀ ਇਸ਼ਾਰਾ ਕਰਦਾ ਹੈ। ਇਸ ਨਾਲ ਗਲਤ ਸੰਦੇਸ਼ ਜਾਂਦਾ ਹੈ।
ਚਿਦੰਬਰਮ ਲਈ ਬਹਿਸ ਕਰਦਿਆਂ ਸਿੱਬਲ ਨੇ ਕਿਹਾ, "ਅਜਿਹਾ ਲੱਗਦਾ ਹੈ ਜਿਵੇਂ ਮੈਂ ਕੋਈ ਰੰਗਾ ਬਿੱਲਾ ਹਾਂ। ਜੇ ਮੈਨੂੰ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਦੇਸ਼ ਨੂੰ ਗਲਤ ਸੰਦੇਸ਼ ਜਾਵੇਗਾ।"
ਜ਼ਿਕਰ ਕਰ ਦਈਏ ਕਿ ਰੰਗਾ ਅਤੇ ਬਿੱਲਾ ਮੁੰਬਈ ਦੇ ਦੋ ਖਤਰਨਾਕ ਅਪਰਾਧੀ ਸਨ ਜੋ ਆਰਥਰ ਰੋਡ ਜੇਲ ਤੋਂ ਰਿਹਾਅ ਹੋਣ ਮਗਰੋਂ ਤੁਰੰਤ ਬਾਅਦ ਦਿੱਲੀ ਆ ਗਏ ਸਨ। ਉਨ੍ਹਾਂ ਨੇ ਅਗੱਸਤ 1978 'ਚ ਦੋ ਨੌਜਵਾਨਾਂ ਨੂੰ ਅਗਵਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।