ਨਵੀਂ ਦਿੱਲੀ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨਾਲ ਮਿਲ ਕੇ 21 ਫਰਵਰੀ ਤੋਂ 23 ਫਰਵਰੀ ਤੱਕ ਇੱਕ ਆਰਗੈਨਿਕ ਫੂਡ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਭਾਰਤ ਦੇ 10 ਸੂਬਿਆਂ ਤੋਂ 150 ਤੋਂ ਜ਼ਿਆਦਾ ਮਹਿਲਾ ਕਿਸਾਨ ਹਿੱਸਾ ਲੈਣਗੀਆਂ।
ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ ਨੁੱਕੜ ਨਾਟਕ, ਕੁਇਜ਼ ਅਤੇ ਆਰਗੈਨਿਕ ਫੂਡ ਸਬੰਧੀ ਸੈਮੀਨਾਰ ਅਤੇ ਸੈਸ਼ਨ ਦਾ ਆਯੋਜਨ ਵੀ ਕੀਤਾ ਜਾਵੇਗਾ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ 2015 ਵਿੱਚ ਭਾਰਤ ਦਾ ਆਰਗੈਨਿਕ ਫੂਡ ਸੈਕਟਰ ਪੱਚੀ ਹਜ਼ਾਰ ਕਰੋੜ ਦੇ ਲਗਭਗ ਸੀ ਅਤੇ 2025 ਵਿੱਚ ਇਹ ਵਧ ਕੇ 75 ਹਜ਼ਾਰ ਕਰੋੜ ਹੋ ਜਾਵੇਗਾ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਸਰਕਾਰ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜਨ ਲਈ ਪਹਿਲਕਦਮੀ ਕਰੇ।
ਕੋਰੋਨਾ ਵਾਇਰਸ: ਭਾਰਤ 'ਚ ਹਾਲਾਤ ਕਾਬੂ 'ਚ, ਤਿੰਨ ਮਰੀਜ਼ਾਂ 'ਚੋਂ ਦੋ ਦੀ ਰਿਪੋਰਟ ਨੇਗੇਟਿਵ
ਹਰਸਿਮਰਤ ਕੌਰ ਬਾਦਲ ਨੇ ਕਿਹਾ ਸਾਡੇ ਮੰਤਰਾਲੇ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨਾਲ ਮਿਲ ਕੇ ਇੱਕ ਐਮਓਯੂ ਸਾਈਨ ਕੀਤਾ ਸੀ। ਪਹਿਲਾ ਮੇਲਾ ਦਿੱਲੀ ਵਿੱਚ ਲੱਗੇਗਾ ਅਤੇ ਉਸ ਤੋਂ ਬਾਅਦ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਇਨ੍ਹਾਂ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੇਲੇ ਦਾ ਬਜਟ ਲਗਭਗ ਤਿੰਨ ਕਰੋੜ ਰੁਪਏ ਹੈ।
ਬੀਬੀ ਬਾਦਲ ਨੇ ਦੱਸਿਆ ਕਿ ਭਾਰਤ ਵਿੱਚ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਟੀਚੇ ਨਾਲ ਭਾਰਤ ਦੀਆਂ ਮਹਿਲਾ ਕਿਸਾਨਾਂ ਜੈਵਿਕ ਖੇਤੀ ਚ ਵੱਡਾ ਯੋਗਦਾਨ ਪਾ ਸਕਦੀਆਂ ਹਨ। ਜੈਵਿਕ ਖੇਤੀ ਦੀ ਮਦਦ ਨਾਲ ਕਿਸਾਨਾਂ ਦੀ ਆਮਦਨ ਵਧਣ ਦੀ ਉਮੀਦ ਹੈ ਕਿਉਂਕਿ ਜੈਵਿਕ ਚੀਜ਼ਾਂ ਦੀ ਕੀਮਤ ਬਾਕੀ ਬਾਕੀ ਚੀਜ਼ਾਂ ਨਾਲੋਂ ਬਾਜ਼ਾਰ ਵਿੱਚ ਜ਼ਿਆਦਾ ਹੁੰਦੀ ਹੈ। ਜੇਕਰ ਪ੍ਰੋਸੈਸ ਕਰਕੇ ਬਣਾਈਆਂ ਗਈਆਂ ਚੀਜ਼ਾਂ ਜਿਵੇਂ ਜੈਮ, ਜੈਲੀ, ਚਟਨੀ ਅਤੇ ਅਚਾਰ ਨੂੰ ਕਿਸਾਨ ਬਣਾਉਣ ਲੱਗ ਜਾਣਗੇ ਤਾਂ ਉਨ੍ਹਾਂ ਦੀ ਸਾਲਾਨਾ ਆਮਦਨ ਵਿੱਚ ਵਾਧਾ ਹੋਣ ਦੀ ਪੂਰੀ ਉਮੀਦ ਹੈ।
ਕਿਸਾਨਾਂ ਦੀ ਹਾਲਤ ਸੁਧਾਰਨ ਲਈ ਪੰਜਾਬ ਸਰਕਾਰ ਵੱਲੋਂ ਮਿਲੇ ਸਹਿਯੋਗ ਬਾਰੇ ਸਵਾਲ ਪੁੱਛੇ ਜਾਣ ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੰਤਰਾਲੇ ਵਿੱਚ ਛੇ ਸਾਲ ਹੋ ਚੱਲੇ ਹਨ ਅਤੇ ਮੌਜੂਦਾ ਸਰਕਾਰ ਵੱਲੋਂ ਕਦੇ ਕੋਈ ਸਹਿਯੋਗ ਨਹੀਂ ਮਿਲਿਆ। ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਿਖੀਆਂ ਚਿੱਠੀਆਂ ਦਾ ਪੰਜਾਬ ਸਰਕਾਰ ਵੱਲੋਂ ਕਦੇ ਕੋਈ ਜਵਾਬ ਨਹੀਂ ਆਇਆ ।
ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਤਿੰਨ ਫੂਡ ਪਾਰਕ ਦੇ ਪ੍ਰੋਜੈਕਟ ਲਈ ਸਰਕਾਰ ਵੱਲੋਂ ਬਿਜਲੀ ਦਾ ਟਰਾਂਸਫਾਰਮਰ ਵੀ ਨਹੀਂ ਲਗਾਇਆ ਗਿਆ। ਇਨ੍ਹਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਹਰ ਰੋਜ਼ 5 ਕਿਸਾਨ ਪੰਜਾਬ ਚ ਆਤਮ ਹੱਤਿਆ ਕਰਦੇ ਹਨl