ਮੁੰਬਈ: ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸਤ ਵਿੱਚ ਉਪ ਮੁੱਖ ਮੰਤਰੀ ਬਣੇ ਅਜੀਤ ਪਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ (ACB) ਨੇ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਮੁਤਾਬਕ ਏਸੀਬੀ ਨੇ 70,000 ਕਰੋੜ ਦੇ ਸਿੰਚਾਈ ਘੋਟਾਲੇ ਵਿੱਚ ਅਜੀਤ ਪਵਾਰ ਨੂੰ ਰਾਹਤ ਦਿੱਤੀ ਹੈ।
ਉੱਥੇ ਹੀ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਦੇ ਡੀਜੀ ਨੇ ਦੱਸਿਆ ਕਿ ਅੱਜ ਬੰਦ ਕੀਤੇ ਗਏ ਕੋਈ ਵੀ ਕੇਸ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨਾਲ ਸਬੰਧਤ ਨਹੀਂ ਹਨ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸਬੂਤਾਂ ਦੀ ਘਾਟ ਕਾਰਨ ਇਹ ਫ਼ਾਈਲਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਮਹਾਰਾਸ਼ਟਰ ਵਿੱਚ ਸਿਆਸੀ ਉਲਟਫੇਰ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ। ਅੱਜ ਇਸ ਮਾਮਲੇ ਦੀ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਇਸ 'ਤੇ ਮੰਗਲਵਾਰ ਸਵੇਰੇ 10.30 ਵਜੇ ਫ਼ੈਸਲਾ ਦਿੱਤਾ ਜਾਵੇਗਾ।