ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ ਬੁੱਧਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ।
ਅਦਾਲਤ ਨੇ ਜੇਲ੍ਹ ਵਿੱਚ ਬੰਦ ਸੱਜਣ ਕੁਮਾਰ ਦੀ ਮੈਡੀਕਲ ਜਾਂਚ ਲਈ ਏਮਜ਼ ਦੇ ਨਿਰਦੇਸ਼ਕ ਨੂੰ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਬੋਰਡ 4 ਹਫਤਿਆਂ ਦੇ ਅੰਦਰ-ਅੰਦਰ ਰਿਪੋਰਟ ਦਾਖਲ ਕਰੇ।
ਸੁਣਵਾਈ ਦੌਰਾਨ ਸੱਜਣ ਕੁਮਾਰ ਵੱਲੋਂ ਕਿਹਾ ਗਿਆ ਕਿ ਜੇਲ੍ਹ ਵਿੱਚ ਉਸ ਦਾ ਭਾਰ 8-9 ਕਿੱਲੋ ਘਟ ਗਿਆ ਹੈ ਪਰ ਜਸਟਿਸ ਐਸਏ ਬੋਬੜੇ ਨੇ ਕਿਹਾ ਕਿ ਭਾਰ ਘਟਣ ਦਾ ਇਹ ਮਤਲਬ ਨਹੀਂ ਕਿ ਕੋਈ ਬਿਮਾਰੀ ਹੋਵੇ।
ਸੱਜਣ ਕੁਮਾਰ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਮੰਗੀ ਸੀ। ਦਰਅਸਲ, ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਜੂਨ 2020 ਲਈ ਸੂਚੀਬੱਧ ਕੀਤੀ ਸੀ ਜਿਸ ਵਿੱਚ ਸੱਜਣ ਕੁਮਾਰ ਨੇ ਛੇਤੀ ਸੁਣਵਾਈ ਲਈ ਅਰਜ਼ੀ ਦਿੱਤੀ ਸੀ। ਸੱਜਣ ਕੁਮਾਰ 1984 ਸਿੱਖ ਕਤਲੇਆਮ ਦੇ ਦਿੱਲੀ ਕੈਂਟ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
1984 ਸਿੱਖ ਨਸਲਕੁਸ਼ੀ ਮਾਮਲੇ ਦੇ ਪੀੜਤਾਂ ਦੇ ਵਕੀਤ ਐਚਐਸ ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਪਿਛਲੇ 10 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਬੁੱਧਵਾਰ ਨੂੰ ਉਸ ਦੇ ਵਕੀਲ ਦੇ ਕਿਹਾ ਕਿ ਸੱਜਣ ਕੁਮਾਰ ਦੀ ਸਿਹਤ ਖਰਾਬ ਹੋ ਗਈ ਹੈ ਅਤੇ ਉਨ੍ਹਾਂ ਜ਼ਮਾਨਤ ਮੰਗੀ ਹੈ। ਅਦਾਲਤ ਨੇ ਉਦੋਂ ਏਮਜ਼ ਤੋਂ ਰਿਪੋਰਟ ਮੰਗੀ ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਅਰਜ਼ੀ ਉੱਤੇ ਵਿਚਾਰ ਕੀਤਾ ਜਾਵੇਗਾ।