ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਕਰਨ ਦੀ ਕੋਈ ਜਲਦੀ ਨਹੀਂ ਹੈ। ਉਸ ਦੇ ਬਿਨ੍ਹਾਂ ਕੋਈ ਅਸਮਾਨ ਨਹੀਂ ਡਿੱਗ ਰਿਹਾ ਹੈ, ਜਦ ਹਾਲਾਤ ਠੀਕ ਹੋ ਜਾਣ ਉਦੋਂ ਚੋਣ ਹੋ ਸਕਦੀ ਹੈ।
ਖੁਰਸ਼ੀਦ ਨੇ ਕਿਹਾ ਕਾਂਗਰਸ ਮੁਖੀ ਦੇ ਅਹੁਦੇ 'ਤੇ ਲੰਮੇ ਸਮੇਂ ਤੱਕ ਰਹਿਣ ਵਾਲੀ ਸੋਨੀਆ ਲੀਡਰਸ਼ਿਪ ਦੇ ਮੁੱਦੇ ਨੂੰ ਸੁਲਝਾਉਣ ਲਈ ਅੱਗੇ ਦਾ ਰਾਹ ਤੈਅ ਕਰਨ ਬਾਰੇ ਫ਼ੈਸਲਾ ਲੈਣ ਨੂੰ ਲੈ ਕੇ ਸਭ ਤੋਂ ਚੰਗੀ ਸਥਿਤੀ ਵਿੱਚ ਹਨ।
ਇਸ ਤੋਂ ਪਹਿਲਾਂ ਸਲਮਾਨ ਖੁਰਸ਼ੀਦ ਨੇ ਕਿਹਾ ਸੀ ਕਿ ਪਾਰਟੀ ਨੂੰ ਚੋਣਾਂ ਦੀ ਥਾਂ ਸਰਬਸੰਮਤੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ। ਖੁਰਸ਼ੀਦ ਨੇ ਇਹ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਪੂਰਾ ਸਮਰਥਨ ਅਤੇ ਭਰੋਸਾ ਹਾਸਲ ਹੈ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ 'ਤੇ ਪ੍ਰਧਾਨ ਦਾ ਠੱਪਾ ਹੈ ਜਾਂ ਨਹੀਂ।
ਸਾਬਕਾ ਕੇਂਦਰੀ ਮੰਤਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਗਾਂਧੀ ਕਾਂਗਰਸ ਦੇ ਨੇਤਾ ਹਨ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਵਿਰੋਧ ਧਿਰ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਮੈਂ ਇੱਕ ਆਗੂ ਦੇ ਹੋਣ ਤੋਂ ਬਹੁਤ ਖੁਸ਼ ਹਾਂ, ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਸਾਡੇ ਕੋਲ ਪ੍ਰਧਾਨ ਹੈ ਜਾਂ ਨਹੀਂ।