ਪਟਨਾ: ਦਸਮੇਸ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀਰਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਪੂਰਾ ਦੇਸ਼ ਤੇ ਦੁਨੀਆ ਨਹੀਂ ਭੁੱਲ ਸਕਦੀ।
ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦਸਮੇਸ਼ ਗੁਰੂ ਦਾ ਜਨਮ ਪਟਨਾ ਸਾਹਿਬ ਵਿੱਚ ਹੋਇਆ ਸੀ। ਮੇਰੀ ਸੰਗਤ ਨੂੰ ਬੇਨਤੀ ਹੈ ਕਿ ਉਹ ਗੁਰਪੁਰਬ ਤੋਂ ਇਲਾਵਾ ਵੀ ਹਮੇਸ਼ਾ ਬਿਹਾਰ ਆਉਂਦੇ ਰਹਿਣ। ਬਿਹਾਰ ਗ਼ਰੀਬ ਸੂਬਾ ਹੈ, ਪਰ ਅਸੀਂ ਦਿਲ ਤੋਂ ਗ਼ਰੀਬ ਨਹੀਂ ਹਾਂ। ਅਸੀਂ ਤੁਹਾਡੀ ਸਾਰਿਆਂ ਦੀ ਸੇਵਾ 'ਚ ਕੋਈ ਕਮੀ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਰਾਜਗੀਰ 'ਚ ਮਨਾਏ ਗਏ ਸਿੱਖ ਪੰਥ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਚ ਲੱਖਾਂ ਦੀ ਗਿਣਤੀ ਵਿਚ ਸੰਗਤ ਆਈ। ਹੁਣ ਹਰ ਸਾਲ ਰਾਜਗੀਰ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਦੋਵੇਂ ਪ੍ਰਕਾਸ਼ ਪੁਰਬਾਂ ਦਾ ਸਮਾਂ ਆਸ-ਪਾਸ ਰਹਿਣ ਨਾਲ ਸ਼ਰਧਾਲੂਆਂ ਨੂੰ ਰਾਜਗੀਰ ਤੇ ਪਟਨਾ 'ਚ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਦਾ ਮੌਕਾ ਵੀ ਮਿਲੇਗਾ। ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਸ਼ਰਧਾਲੂਆਂ ਦੀ ਸੇਵਾ ਕਰੀਏ। ਇੱਥੇ ਆਉਣ ਤੋਂ ਬਾਅਦ ਅਹਿਸਾਸ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਿੱਖਾਂ ਦੇ ਹੀ ਨਹੀਂ ਬਲਕਿ ਸਾਰਿਆਂ ਦੇ ਗੁਰੂ ਸਨ।