ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਅਸਤੀਫ਼ਾ ਜਨਤਕ ਕਰਨ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਬੀਤੇ ਐਤਵਾਰ ਉਨ੍ਹਾਂ ਰਾਹੁਲ ਗਾਂਧੀ ਨੂੰ ਸੰਬੋਧਨ ਕਰਕੇ 10 ਜੂਨ ਨੂੰ ਲਿਖਿਆ ਟਵਿੱਟਰ ਹੈਂਡਲ 'ਤੇ ਅਸਤੀਫ਼ਾ ਜਨਤਕ ਕੀਤਾ ਸੀ। ਸਿੱਧੂ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਸ ਦੀ ਸੂਚਨਾ ਵੀ ਦੇ ਦਿੱਤੀ। ਇਸ ਤੋਂ ਬਾਅਦ ਸਿੱਧੂ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਵੱਲੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਹੈ। ਸਿੱਧੂ ਵੱਲੋਂ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੰਬੋਧਨ ਕਰਨ ਕਰਕੇ ਉਨ੍ਹਾਂ ਦੀ ਕਈ ਸਾਥੀ ਕਾਂਗਰਸੀ ਲੀਡਰਾਂ ਨੇ ਹੀ ਅਲੋਚਨਾ ਕੀਤੀ ਸੀ।
ਸਿੱਧੂ ਰਾਹੁਲ ਗਾਂਧੀ ਨੂੰ ਹੀ ਮੰਨ ਬੈਠੇ ਆਪਣਾ 'ਕੈਪਟਨ'
ਕੁੱਝ ਸਮੇਂ ਪਹਿਲਾਂ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਣ 'ਤੇ ਨਵਜੋਤ ਸਿੱਧੂ ਕਾਫ਼ੀ ਵਿਵਾਦਾਂ 'ਚ ਰਹੇ ਸਨ। ਇਸ ਗੱਲ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਸਿੱਧੂ ਦੀ ਜੰਮ ਕੇ ਨਿਖੇਧੀ ਕੀਤੀ ਸੀ ਪਰ ਹੁਣ ਸਿੱਧੂ ਨੇ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਪਹਿਲਾਂ ਭੇਜ ਕੇ ਸਾਫ਼ ਕਰ ਦਿੱਤਾ ਕਿ ਰਾਹੁਲ ਹੀ ਉਨ੍ਹਾਂ ਦੇ ਅਸਲੀ ਕੈਪਟਨ ਹਨ।
ਅਸਤੀਫ਼ੇ ਤੋਂ ਬਾਅਦ ਵਿਰੋਧੀਆਂ ਦਾ ਸਿੱਧੂ 'ਤੇ ਨਿਸ਼ਾਨਾ
ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇਹ ਕਾਂਗਰਸ ਪਾਰਟੀ ਦਾ ਨਾਟਕ ਹੈ ਤੇ ਆਮ ਜਨਤਾ ਦੇ ਧਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਆਗੂ ਤਰੁਣ ਚੁੱਘ ਪਹਿਲਾਂ ਆਖ ਚੁੱਕੇ ਹਨ ਕਿ ਸਿੱਧੂ ਤਾਂ ਪਿਛਲੇ ਡੇਢ ਮਹੀਨੇ ਤੋਂ ਕੈਬਿਨੇਟ ਮੰਤਰੀ ਵਜੋਂ ਤਨਖ਼ਾਹ ਲਗਾਤਾਰ ਲੈ ਰਹੇ ਹਨ ਪਰ ਅਹੁਦਾ ਸੰਭਾਲ ਨਹੀਂ ਰਹੇ। ਇਹ ਆਮ ਜਨਤਾ ਦੇ ਧਨ ਦੀ ਦੁਰਵਰਤੋਂ ਹੈ।
ਕੈਪਟਨ ਨੇ ਸਿੱਧੂ ਦੇ ਅਸਤੀਫ਼ੇ 'ਤੇ ਕੀ ਕਿਹਾ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਅਸਤੀਫ਼ੇ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਫ਼ਿਲਹਾਲ ਉਨ੍ਹਾਂ ਨੇ ਸਿੱਧੂ ਦਾ ਅਸਤੀਫ਼ਾ ਦੇਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਸਤੀਫ਼ਾ ਦੇਖ ਕੇ ਹੀ ਕੋਈ ਫ਼ੈਸਲਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।