ਨਵੀਂ ਦਿੱਲੀ: ਭਾਰਤ ਵਿੱਚ ਰਾਸ਼ਟਰੀ ਸਿੱਖਿਆ ਦਿਵਸ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਹਾੜਾ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜਨਮਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਨੁੱਖੀ ਸਰੋਤ ਮੰਤਰਾਲੇ ਨੇ 11 ਨਵੰਬਰ 2008 ਨੂੰ ਐਲਾਨ ਕੀਤਾ ਸੀ ਕਿ ਰਾਸ਼ਟਰੀ ਸਿੱਖਿਆ ਦਿਵਸ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਵੇਗਾ।
ਜਾਣੋ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜੀਵਨ ਨਾਲ ਜੁੜੀਆਂ 7 ਗੱਲਾਂ:
1. ਮੌਲਾਨਾ ਸੱਯਦ ਅਬੁਲ ਕਲਾਮ ਗੁਲਾਮ ਮੁਹੀਦੀਨ ਅਹਿਮਦ ਬਿਨ ਖੈਰੂਦੀਨ ਅਲ-ਹੁਸੈਨ ਆਜ਼ਾਦ ਨੂੰ ਦੁਨੀਆਂ ਵੱਲੋਂ ਮੌਲਾਨਾ ਆਜ਼ਾਦ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ ਭਾਰਤੀ ਮੁਸਲਮਾਨ ਵਿਦਵਾਨ ਅਤੇ ਸੁਤੰਤਰਤਾ ਸੈਨਾਨੀ ਸੀ ਅਤੇ ਨਾਲ ਹੀ ਭਾਰਤੀ ਸੁਤੰਤਰਤਾ ਅੰਦੋਲਨ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਸੀ।
2. ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਮੱਕਾ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਮੁਹੰਮਦ ਖੈਰੂਦੀਨ ਸੀ, ਜੋ ਇੱਕ ਮੁਸਲਮਾਨ ਵਿਦਵਾਨ ਸੀ।
3. ਉਹ ਆਜ਼ਾਦੀ ਤੋਂ ਬਾਅਦ 1952 ਵਿੱਚ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਤੋਂ ਸੰਸਦ ਮੈਂਬਰ ਚੁਣੇ ਗਏ ਸੀ ਅਤੇ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਬਣੇ ਸੀ।
4. ਮੌਲਾਨਾ ਆਜ਼ਾਦ ਨੇ ਆਜ਼ਾਦ ਭਾਰਤ ਦੇ ਸਿੱਖਿਆ ਮੰਤਰੀ ਹੁੰਦਿਆਂ ਰਾਸ਼ਟਰੀ ਸਿੱਖਿਆ ਪ੍ਰਣਾਲੀ ਬਣਾਈ। ਮੁਫਤ ਪ੍ਰਾਇਮਰੀ ਸਿੱਖਿਆ ਉਨ੍ਹਾਂ ਦਾ ਮੁੱਖ ਮਕਸਦ ਸੀ।
5. ਇੰਡੀਅਨ ਇੰਸਟੀਚਿਉਟ ਆਫ਼ ਟੈਕਨਾਲੋਜੀ (ਆਈਆਈਟੀ) ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਥਾਪਨਾ ਮੌਲਾਨਾ ਨੇ ਕੀਤੀ ਸੀ।
6. ਉਨ੍ਹਾਂ ਨੇ ਸਿੱਖਿਆ ਅਤੇ ਸਭਿਆਚਾਰ ਦੇ ਵਿਕਾਸ ਲਈ ਸੰਗੀਤ ਨਾਟਕ ਅਕਾਦਮੀ (1953), ਸਾਹਿਤ ਅਕਾਦਮੀ (1954) ਅਤੇ ਲਲਿਤਕਲਾ ਅਕਾਦਮੀ (1954) ਵਰਗੇ ਸ਼ਾਨਦਾਰ ਅਦਾਰਿਆਂ ਦੀ ਸਥਾਪਨਾ ਵੀ ਕੀਤੀ।
7. ਮੌਲਾਨਾ ਆਜ਼ਾਦ ਨੂੰ ਉਨ੍ਹਾਂ ਦੇ ਦੇਹਾਂਤ ਮਗਰੋਂ ਸਾਲ 1992 ਵਿੱਚ ਵਿੱਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਭਾਰਤ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।