ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸਜਾਇਆ ਗਿਆ ਨਗਰ ਕੀਰਤਨ ਵੀਰਵਾਰ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋ ਚੁੱਕਾ ਹੈ। ਬੀਤੀ 28 ਅਕਤੂਬਰ ਤੋਂ ਇਹ ਨਗਰ ਕੀਰਤਨ ਦਿੱਲੀ ਤੋਂ ਸਜਾਇਆ ਗਿਆ ਸੀ, ਜੋ ਸੁਲਤਾਨਪੁਰ ਲੋਧੀ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁੰਦਾ ਹੋਇਆ 3 ਦਿਨਾਂ ਬਾਅਦ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਜਾ ਕੇ ਨਨਕਾਣਾ ਸਾਹਿਬ ਵਿੱਖੇ ਸਮਾਪਤ ਹੋਣਾ ਹੈ।
ਇਸ ਨਗਰ ਕੀਰਤਨ 'ਚ ਜਾਣ ਵਾਲੇ ਸ਼ਰਧਾਲੂ ਸਵੇਰੇ ਅਟਾਰੀ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਸਾਰਿਆਂ ਨੇ ਆਪਣੇ ਇਮੀਗ੍ਰੇਸ਼ਨ ਦੀ ਪੜਤਾਲ ਕਰਾਉਣ ਤੋਂ ਬਾਅਦ ਪਾਕਿਸਤਾਨ ਲਈ ਰਵਾਨਗੀ ਪਾ ਦਿੱਤੀ। ਇਹ ਨਗਰ ਕੀਰਤਨ ਨਨਕਾਣਾ ਸਾਹਿਬ ਵਿਖੇ ਜਾਵੇਗਾ।
ਇਸ ਜੱਥੇ 'ਚ ਪਾਕਿਸਤਾਨ ਸਰਕਾਰ ਵੱਲੋਂ ਕੁੱਲ 1217 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ। ਇਸ 'ਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਸਿੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਨਾਲ ਪਾਕਿਸਤਾਨ ਜਾ ਰਹੇ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਹਸਨ ਅਬਦਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਆਦਿ ਦੇ ਦਰਸ਼ਨ ਦੀਦਾਰੇ ਕਰਨਗੇ।
ਇਹ ਵੀ ਪੜ੍ਹੋ: ਦਿੱਲੀ ਦੇ IGA ਹਵਾਈ ਅੱਡੇ 'ਤੇ ਮਿਲਿਆ ਇੱਕ ਸ਼ੱਕੀ ਬੈਗ, ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ
ਨਗਰ ਕੀਰਤਨ ਨਾਲ ਸੋਨੇ ਦੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਸੰਗਤ ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਈ, ਜਿੱਥੇ ਉਨ੍ਹਾਂ ਦਾ ਪਾਕਿਸਤਾਨੀ ਸਿੱਖ ਸੰਗਤਾਂ ਵੱਲੋਂ ਵੀ ਸਵਾਗਤ ਕੀਤਾ ਗਿਆ। ਇਸ ਜੱਥੇ ਦੇ ਵਿੱਚ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਵੀ ਜਾਣਾ ਸੀ, ਪਰ ਸਿਰਫ ਹਰਵਿੰਦਰ ਸਿੰਘ ਸਰਨਾ ਹੀ ਜਾ ਸਕੇ, ਕਿਉਂਕਿ ਪਰਮਜੀਤ ਸਿੰਘ ਸਰਨਾ ਨੂੰ ਰੋਕ ਦਿੱਤਾ ਗਿਆ। ਪਰਮਜੀਤ ਸਿੰਘ ਸਰਨਾ ਨੂੰ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੁਝ ਲੋਕ ਨਗਰ ਕੀਰਤਨ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਕਾਮਯਾਬ ਨਹੀਂ ਹੋਣਗੇ।