ਮੱਧਪ੍ਰਦੇਸ਼: ਜਦੋਂ ਕਿ ਬਹੁਤ ਸਾਰੇ ਭਾਰਤੀ ਸ਼ਹਿਰ ਪਲਾਸਟਿਕ ਦੇ ਕੂੜੇ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਮੱਧਪ੍ਰਦੇਸ਼ ਦਾ ਇੱਕ ਪਿੰਡ ਸਿਰਫ਼ 80 ਦਿਨਾਂ ਵਿੱਚ single use plastic 'ਤੇ ਪਾਬੰਦੀ ਲਾਉਣ ਤੇ ਆਪਣੇ ਆਪ ਨੂੰ ਪਲਾਸਟਿਕ ਮੁਕਤ ਘੋਸ਼ਿਤ ਕਰਨ ਦੀ ਪ੍ਰੇਰਣਾ ਵਜੋਂ ਸਾਹਮਣੇ ਆਇਆ ਹੈ।
ਇਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਇਕਜੁੱਟ ਯਤਨਾਂ ਸਦਕਾ ਸੰਭਵ ਹੋਇਆ ਹੈ। ਇੰਦੌਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਪਿੰਡ ਸਿੰਡੋਡਾ ਮੱਧਪ੍ਰਦੇਸ਼ ਦੇ 'Blue Village' ਵਜੋਂ ਪ੍ਰਸਿੱਧ ਹੈ, ਕਿਉਂਕਿ ਇੱਥੇ ਹਰ ਕੋਨੇ 'ਤੇ ਘਰਾਂ ਦੀਆਂ ਕੰਧਾਂ ਨੀਲੀਆਂ ਹਨ।
ਨੀਲਾ ਰੰਗ ਇਕ ਹੋਰ ਅਰਥ ਰੱਖਦਾ ਹੈ, ਪਿੰਡ ਵਾਸੀਆਂ ਦੇ ਅਨੁਸਾਰ 'ਰੰਗ' ਪਲਾਸਟਿਕ ਮੁਕਤ ਹੋਣ ਦਾ ਸੰਕੇਤ ਦਿੰਦਾ ਹੈ। ਇੰਨਾਂ ਹੀ ਨਹੀਂ ਸਗੋਂ ਕੰਧਾਂ ਪਲਾਸਟਿਕ ਵਿਰੋਧੀ ਸਲੋਗਨ ਤੇ ਸਵੱਛਤਾ ਦੇ ਹਵਾਲਿਆਂ ਨਾਲ ਵੀ ਸਜਾਈਆਂ ਗਈਆਂ ਹਨ।
ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਮੌਕੇ ਸਿੰਡੋਡਾ ਦੇ ਵਸਨੀਕਾਂ ਨੇ ਆਪਣਾ ਪਿੰਡ, ਜੋ ਕਿ 385 ਘਰਾਂ ਵਿੱਚ ਵਸਿਆ ਹੋਇਆ ਹੈ, ਉਸ ਨੂੰ single use plastic ਤੋਂ ਮੁਕਤ ਬਣਾਉਣ ਦਾ ਫ਼ੈਸਲਾ ਕੀਤਾ। ਸ਼ੁਰੂ ਵਿਚ, ਸਥਾਨਕ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਛੇਤੀ ਹੀ ਉਨ੍ਹਾਂ ਨੇ ਗ੍ਰੋਸਰੀ ਤੇ ਹੋਰ ਘਰੇਲੂ ਸਮਾਨ ਲੈ ਜਾਣ ਲਈ ਵਾਤਾਵਰਣ ਅਨੁਕੂਲ ਬੈਗਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।
ਹਰ ਦੁਕਾਨ ਤੇ ਘਰ ਵਿੱਚ ਪਲਾਸਟਿਕ ਦੀ ਵਰਤੋਂ ਦੀ ਨਿਗਰਾਨੀ ਕਰਨ ਲਈ ਲਗਭਗ 10 ਟੀਮਾਂ ਹਨ। ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਗ੍ਰਾਮ ਪੰਚਾਇਤ ਦੀ ਇਮਾਰਤ ਨੇੜੇ ਇਕ ਰੁੱਖ ਨੂੰ ਵੀ ਕੱਪੜੇ ਦੀਆਂ ਬੋਰੀਆਂ ਨਾਲ ਸਜਾਇਆ ਗਿਆ ਹੈ। ਮਹਾਤਮਾ ਗਾਂਧੀ ਦੇ ਫ਼ਲਸਫ਼ੇ ਦੀ ਪਾਲਣਾ ਕਰਦਿਆਂ- “ਉਹ ਬਦਲਾਓ ਬਣੋ ਜਿਸ ਨੂੰ ਤੁਸੀਂ ਦੁਨੀਆ ਵਿੱਚ ਵੇਖਣਾ ਚਾਹੁੰਦੇ ਹੋ”, “ਨੀਲਾ ਪਿੰਡ” ‘ਸਵੱਛ ਭਾਰਤ’ ਮਿਸ਼ਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ।