ਕਾਠਮੰਡੂ: ਨੇਪਾਲ ਅਤੇ ਚੀਨ ਨੇ ਸਾਂਝੇ ਤੌਰ ਤੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਨਵੀਂ ਉਚਾਈ ਦਾ ਐਲਾਨ ਕੀਤਾ ਹੈ। ਨੇਪਾਲ ਅਤੇ ਚੀਨ ਦੇ ਅਨੁਸਾਰ ਹੁਣ ਨਵੀਂ ਉਚਾਈਂ 8848.86 ਮੀਟਰ ਹੈ। ਹਾਲਾਂਕਿ ਇਸ ਚੋਟੀ ਦਾ ਵਾਧਾ ਮਹਿਜ਼ 86 ਸੈਂਟੀਮੀਟਰ ਹੀ ਹੈ। ਇਹ ਉੱਚਾਈ ਸਾਲ 1954 ਵਿੱਚ ਸਰਵੇ ਆਫ ਇੰਡੀਆ ਵੱਲੋਂ ਮਾਪੀ ਗਈ ਉੱਚਾਈ ਤੋਂ 86 ਸੈਂਟੀਮੀਟਰ ਜ਼ਿਆਦਾ ਹੈ।
ਸਾਲ 2015 ਵਿੱਚ ਆਏ ਤਬਾਹਕੁੰਨ ਭੂਚਾਲ ਪਿੱਛੋਂ ਹੀ ਇਹ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਮਾਊਂਟ ਐਵਰੈਸਟ ਦੀ ਉੱਚਾਈ ਵਿੱਚ ਬਦਲਾਅ ਹੋਇਆ ਹੈ। ਇਨ੍ਹਾਂ ਅਟਕਲਾਂ ਦੇ ਬਾਅਦ ਹੀ ਨੇਪਾਲ ਸਰਕਾਰ ਨੇ ਐਵਰੈਸਟ ਦੀ ਸਹੀ ਉੱਚਾਈ ਮਾਪਣ ਦਾ ਫ਼ੈਸਲਾ ਕੀਤਾ। ਹੁਣ ਤਾਜ਼ਾ ਨਾਪ ਪਿੱਛੋਂ ਇਸ ਵਿਵਾਦ ਦਾ ਅੰਤ ਹੋ ਗਿਆ ਹੈ।
ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ ਨੇ ਕਾਠਮੰਡੂ ਵਿੱਚ ਕਿਹਾ ਕਿ ਮਾਊਂਟ ਐਵਰੈਸਟ ਦੀ ਉੱਚਾਈ ਨੂੰ ਪੁਨਰਗਠਿਤ ਕੀਤਾ ਗਿਆ ਹੈ ਅਤੇ ਹੁਣ ਇਸ ਦੀ ਉੱਚਾਈ 8,848.86 ਮੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਚੀਨ ਨੇ ਮਾਊਂਟ ਐਵਰੈਸਟ ਦੀ ਉੱਚਾਈ 8,844.43 ਮੀਟਰ ਨਾਪੀ ਸੀ ਜੋ ਨੇਪਾਲ ਦੀ ਗਣਨਾ ਤੋਂ ਚਾਰ ਮੀਟਰ ਘੱਟ ਸੀ।
ਚੀਨੀ ਸਰਵੇਖਣਾਂ ਦੇ ਅਨੁਸਾਰ ਮਾਊਂਟ ਐਵਰੈਸਟ ਦੀ ਉੱਚਾਈ ਨਾਪਣ ਅਤੇ ਵਿਗਿਆਨਕ ਖੋਜ ਦੇ ਛੇ ਦੌਰ ਕਰਵਾਏ ਅਤੇ 1975 ਅਤੇ 2005 ਵਿੱਚ ਦੋ ਵਾਰ ਚੋਟੀ ਦੀ ਉੱਚਾਈ ਜਾਰੀ ਕੀਤੀ ਜੋ ਕ੍ਰਮਵਾਰ 8,848.13 ਮੀਟਰ ਅਤੇ 8,844.43 ਮੀਟਰ ਸੀ। ਤਿੱਬਤੀ ਭਾਸ਼ਾ ਵਿੱਚ ਮਾਊਂਟ ਐਵਰੈਸਟ ਨੂੰ ਚੋਮੋਲੁੰਗਮਾ ਕਿਹਾ ਜਾਂਦਾ ਹੈ। ਚੀਨ ਅਤੇ ਨੇਪਾਲ ਨੇ 1961 ਵਿਚ ਆਪਣਾ ਸਰਹੱਦੀ ਵਿਵਾਦ ਸੁਲਝਾ ਲਿਆ ਸੀ। ਦੱਸਣਯੋਗ ਹੈ ਸਾਲ 2019 ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇਪਾਲ ਦੇ ਦੌਰ 'ਤੇ ਆਏ ਸਨ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਮਾਊਂਟ ਐਵਰੈਸਟ ਦੀ ਉੱਚਾਈ ਦਾ ਸਾਂਝੇ ਤੌਰ 'ਤੇ ਐਲਾਨ ਕੀਤੇ ਜਾਣ ਦਾ ਸਮਝੌਤਾ ਹੋਇਆ ਸੀ।