ਗਾਜ਼ਿਆਬਾਦ : ਲੌਕਡਾਊਨ ਦੌਰਾਨ ਜਿਥੇ ਇੱਕ ਪਾਸੇ ਦੁੱਖ ਭਰੀ ਕਹਾਣੀਆਂ ਸਾਹਮਣੇ ਆਈਆਂ ਹਨ, ਉਥੇ ਹੀ 30 ਸਾਲਾਂ ਬਾਅਦ ਇੱਕ ਦੂਜੇ ਤੋਂ ਵਿਛੜੇ ਹੋਏ ਮਾਂ-ਪੁੱਤਰ ਦੀ ਕਹਾਣੀ ਵੀ ਸਾਹਮਣੇ ਆਈ ਹੈ।
30 ਸਾਲ ਪਹਿਲਾਂ ਇੱਕ ਪੁੱਤਰ ਆਪਣੀ ਮਾਂ ਕੋਲੋਂ ਵਿਛੜ ਗਿਆ ਸੀ। ਉਸ ਸਮੇਂ ਉਹ ਮਹਿਜ਼ 8 ਸਾਲ ਦਾ ਸੀ। ਹੁਣ ਲੌਕਡਾਊਨ ਦੌਰਾਨ ਲਗਭਗ 30 ਸਾਲਾਂ ਬਾਅਦ ਉਸ ਨੂੰ ਉਸ ਦੀ ਮਾਂ ਵਾਪਸ ਮਿਲ ਗਈ ਹੈ। ਇਸ ਨਾਲ ਮਾਂ-ਪੁੱਤਰ ਦੋਵੇਂ ਬੇਹਦ ਖੁਸ਼ ਹਨ।
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਪਾਰਵਤੀ, 30 ਸਾਲ ਪਹਿਲਾਂ ਘਰੇਲੂ ਵਿਵਾਦ ਕਾਰਨ ਘਰ ਛੱਡ ਕੇ ਚੱਲੀ ਗਈ ਸੀ। ਉਸ ਵੇਲੇ ਉਸ ਦਾ ਪੁੱਤਰ ਵਸ਼ਿਸ਼ਟ ਸਿੰਘ 8 ਸਾਲ ਦਾ ਸੀ। ਉਸ ਦਾ ਪੁੱਤਰ ਜਦ ਵੱਡਾ ਹੋਇਆ ਤਾਂ ਉਹ ਨੋਇਡਾ 'ਚ ਨੌਕਰੀ ਕਰਨ ਲੱਗ ਗਿਆ। ਸ਼ਨਿਚਰਵਾਰ ਨੂੰ ਮੋਦੀਨਗਰ ਦੀ ਪੁਲਿਸ ਨੇ ਇੱਕ ਬਜ਼ੁਰਗ ਮਹਿਲਾ ਨੂੰ ਸੜਕ 'ਤੇ ਭੁੱਖੇ-ਪਿਆਸੇ ਤੇ ਲਵਾਰਸ ਹਾਲਤ 'ਚ ਘੁੰਮਦੇ ਹੋਏ ਵੇਖਿਆ। ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪਾਰਵਤੀ ਦੇਵਰੀਆ ਜ਼ਿਲ੍ਹੇ ਦੀ ਵਸਨੀਕ ਹੈ। ਮੋਦੀਨਗਰ ਪੁਲਿਸ ਨੇ ਦੇਵਰੀਆ ਪੁਲਿਸ ਨਾਲ ਸੰਪਰਕ ਕੀਤਾ ਅਤੇ ਮਹਿਲਾ ਦੀ ਪਛਾਣ ਪਾਰਵਤੀ ਵਜੋਂ ਹੋਈ। ਇਸ ਤੋਂ ਬਾਅਦ, ਪਾਰਵਤੀ ਦਾ ਪੁੱਤਰ ਵਸ਼ਿਸ਼ਟ ਸਿੰਘ ਉਨ੍ਹਾਂ ਨੂੰ ਲੈਣ ਗਾਜ਼ੀਆਬਾਦ ਦੇ ਮੋਦੀ ਨਗਰ ਪੁੱਜਾ। ਇਥੇ ਦੋਵੇਂ ਮਾਂ-ਪੁੱਤਰ ਇੱਕ ਦੂਜੇ ਨੂੰ ਮੁੜ 30 ਸਾਲ ਬਾਅਦ ਮਿਲੇ।
ਦੁੱਖ ਭਰੀ ਰਹੀ ਪਾਰਵਤੀ ਦੀ ਜ਼ਿੰਦਗੀ
ਪਾਰਵਤੀ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ 30 ਸਾਲਾਂ ਦੌਰਾਨ ਉਸ ਦੀ ਜ਼ਿੰਦਗੀ ਦੁੱਖ ਤੇ ਸੰਘਰਸ਼ ਭਰੀ ਰਹੀ। ਜਦੋਂ ਉਹ ਘਰ ਛੱਡ ਕੇ ਗਈ ਸੀ ਤਾਂ ਉਸ ਨੇ ਮੇਰਠ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਉਹ ਇੱਕਲੇ ਜ਼ਿੰਦਗੀ ਕੱਟ ਰਹੀ ਸੀ। ਕੋਰੋਨਾ ਵਾਇਰਸ ਦੇ ਚਲਦੇ ਲੌਕਡਾਊਨ ਦੌਰਾਨ ਉਸ ਦਾ ਕੰਮ ਬੰਦ ਹੋ ਗਿਆ। ਜਿਸ ਤੋਂ ਬਾਅਦ ਉਹ ਗਾਜ਼ੀਆਬਾਦ ਆ ਗਈ। ਇਥੇ ਉਹ ਕਈ ਦਿਨਾਂ ਤੋਂ ਕੰਮ ਦੀ ਭਾਲ ਕਰ ਰਹੀ ਸੀ।
ਮੋਦੀਨਗਰ ਪੁਲਿਸ ਨੇ ਮਾਂ-ਪੁੱਤਰ ਨੂੰ ਮਿਲਾਇਆ
ਪਾਰਵਤੀ ਨੂੰ ਉਸ ਦੇ ਬੇਟੇ ਨੂੰ 30 ਸਾਲਾਂ ਬਾਅਦ ਮਿਲਵਾਉਣ 'ਚ ਮੋਦੀਨਗਰ ਪੁਲਿਸ ਨੇ ਆਪਣਾ ਅਹਿਮ ਯੋਗਦਾਨ ਪਾਇਆ। ਜੇਕਰ ਮੋਦੀਨਗਰ ਪੁਲਿਸ ਮਹਿਲਾਂ ਬਾਰੇ ਜਾਣਕਾਰੀ ਨਾ ਹਾਸਲ ਕਰਦੀ ਤਾਂ ਉਹ ਆਪਣੇ ਪੁੱਤਰ ਨਾਲ ਨਹੀਂ ਮਿਲ ਪਾਉਂਦੀ। ਪਾਰਵਤੀ ਤੇ ਉਸ ਦੇ ਪੁੱਤਰ ਨੇ ਪੁਲਿਸ ਦਾ ਧੰਨਵਾਦ ਕੀਤਾ।