ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਪਰ ਇਸ ਦੌਰਾਨ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਮੁਹੱਲਾ ਕਲੀਨਿਕ ਦੇ ਡਾਕਟਰ ਗੋਪਾਲ ਝਾਅ ਜੋ ਕੋਰੋਨਾ ਨਾਲ ਸੰਕਰਮਿਤ ਹੋਏ ਸਨ, ਹੁਣ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇੱਕ ਮਹਿਲਾ ਤੋਂ ਫੈਲਿਆ ਕੋਰੋਨਾ ਵਾਇਰਸ
ਦੱਸ ਦਈਏ ਕਿ ਪਿਛਲੇ ਮਹੀਨੇ ਉੱਤਰ ਪੂਰਬੀ ਦਿੱਲੀ ਦੇ ਬਾਬਰਪੁਰ ਖੇਤਰ ਵਿੱਚ ਮੁਹੱਲਾ ਕਲੀਨਿਕ ਵਿੱਚ ਮਹਿਲਾ ਕਾਰਨ ਕੋਰੋਨਾ ਵਾਇਰਸ ਫੈਲਿਆ ਸੀ ਜਿਸ ਦੇ ਸੰਪਰਕ ਵਿਚ ਮੁਹੱਲਾ ਕਲੀਨਿਕ ਦੇ ਡਾ. ਗੋਪਾਲ ਝਾਅ ਵੀ ਆ ਗਏ ਅਤੇ ਕੋਰੋਨਾ ਸੰਕਰਮਿਤ ਹੋ ਗਏ ਸਨ।
ਉਨ੍ਹਾਂ ਨੂੰ ਪਹਿਲਾਂ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਗੰਭੀਰ ਹਾਲਤ ਕਾਰਨ ਬਾਅਦ ਵਿੱਚ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਗੋਪਾਲ ਝਾਅ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
800 ਤੋਂ ਵੱਧ ਲੋਕਾਂ ਨੂੰ ਕੀਤਾ ਸੀ ਕੁਆਰੰਟੀਨ
ਮਹੱਤਵਪੂਰਨ ਗੱਲ ਇਹ ਹੈ ਕਿ ਮੁਹੱਲਾ ਕਲੀਨਿਕ ਅਤੇ ਪੂਰੇ ਇਲਾਕੇ ਤੋਂ ਸੰਕਰਮਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 12 ਮਾਰਚ ਤੋਂ 18 ਮਾਰਚ ਦਰਮਿਆਨ ਮੁਹੱਲਾ ਕਲੀਨਿਕ ਵਿੱਚ ਆਏ 800 ਦੇ ਕਰੀਬ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਸੀ।