ਨਵੀਂ ਦਿੱਲੀ: ਮੁਸ਼ਕਲ ਆਰਥਿਕ ਹਾਲਾਤਾਂ 'ਚ ਅਗਲੇ ਮਹੀਨੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਮੁੱਖ ਅਰਥ ਸ਼ਾਸਤਰੀਆਂ ਤੇ ਉਦਯੋਗ ਦੇ ਮਾਹਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸੁਝਾਵਾਂ 'ਤੇ ਗੌਰ ਕੀਤੀ। ਮੋਦੀ ਦੀ ਇਹ ਮੁਲਾਕਾਤ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ਹੇਠ ਬਣਾਈ ਗਈ ਨਵੀਂ ਸਰਕਾਰ ਦਾ ਪਹਿਲਾ ਬਜਟ 5 ਜੁਲਾਈ ਨੂੰ ਪੇਸ਼ ਕੀਤਾ ਜਾਣਾ ਹੈ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਲੋਕ ਸਭਾ 'ਚ ਬਜਟ ਪੇਸ਼ ਕਰਨਗੀ।
ਪ੍ਰਧਾਨ ਮੰਤਰੀ ਨਾਲ ਇਸ ਬੈਠਕ 'ਚ ਦਾ ਆਯੋਜਨ ਨੀਤੀ ਆਯੋਗ ਨੇ 'ਆਰਥਿਕ ਨੀਤੀ- ਅੱਗੇ ਦਾ ਰਸਤਾ' ਸੈਸ਼ਨ ਦੇ ਤੌਰ 'ਤੇ ਕੀਤਾ ਗਿਆ ਸੀ। ਮੋਦੀ ਦੀ ਇਸ ਬੈਠਕ ਵਿਚ 40 ਤੋਂ ਵੱਧ ਅਰਥ ਸ਼ਾਸਤਰੀਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਰੀਲੀਜ਼ ਅਨੁਸਾਰ ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਬੈਠਕ ਵਿੱਚ ਪੰਜ ਵੱਖ-ਵੱਖ ਆਰਥਿਕ ਸਮੂਹਾਂ 'ਚ ਵਿਚਾਰ ਪ੍ਰਗਟ ਕੀਤੇ ਗਏ। ਵੱਡੀ ਆਰਥਿਕਤਾ ਅਤੇ ਰੁਜ਼ਗਾਰ, ਖੇਤੀਬਾੜੀ ਅਤੇ ਜਲ ਸਰੋਤ, ਸਿੱਖਿਆ ਅਤੇ ਸਿਹਤ ਵਰਗੇ ਮੁੱਖ ਖੇਤਰਾਂ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਪੀਐਮ ਮੋਦੀ ਨੇ ਸੁਝਾਅ ਦੇਣ ਲਈ ਮਾਹਿਰਾਂ ਦਾ ਧੰਨਵਾਦ ਕੀਤਾ।