ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਛੋਟੀ ਧੀ ਨੇ ਆਪਣੇ ਪਾਸਪੋਰਟ ਵਿੱਚ ਆਪਣੀ ਮਾਂ ਦਾ ਨਾਂਅ ਬਦਲ ਕੇ ਮਹਿਬੂਬਾ ਸਈਦ ਰੱਖਣ ਦੀ ਮੰਗ ਕੀਤੀ ਹੈ।
ਇਸ ਬਾਰੇ ਇੱਕ ਸਥਾਨਕ ਅਖਬਾਰ ਵਿੱਚ ਇੱਕ ਨੋਟਿਸ ਇਰਤਿਕਾ ਜਾਵੇਦ ਦੁਆਰਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ, "ਮੈਂ, ਇਰਤਿਕਾ ਜਾਵੇਦ D/O ਜਾਵੇਦ ਇਕਬਾਲ ਸ਼ਾਹ ਨਿਵਾਸੀ ਫੇਅਰਵਿਊ ਹਾਊਸ ਗੁਪਕਰ ਰੋਡ, ਸ੍ਰੀਨਗਰ, ਕਸ਼ਮੀਰ। ਮੇਰੇ ਪਾਸਪੋਰਟ ਵਿੱਚ ਆਪਣੀ ਮਾਂ ਦਾ ਨਾਂਅ ਮਹਿਬੂਬਾ ਮੁਫਤੀ ਤੋਂ ਮਹਿਬੂਬਾ ਸਈਦ ਕਰਨਾ ਚਾਹੁੰਦੀ ਹਾਂ।"
“ਜੇ ਕਿਸੇ ਨੂੰ ਇਸ ਬਾਰੇ ਕੋਈ ਇਤਰਾਜ਼ ਹੈ ਤਾਂ ਉਹ ਸੱਤ ਦਿਨਾਂ ਦੀ ਮਿਆਦ ਵਿੱਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ ਜਿਸ ਤੋਂ ਬਾਅਦ ਕੋਈ ਇਤਰਾਜ਼ ਨਹੀਂ ਮੰਨਿਆ ਜਾਵੇਗਾ।"
ਦੱਸਣਯੋਗ ਹੈ ਕਿ ਮਹਿਬੂਬਾ ਮੁਫਤੀ ਅਤੇ ਉਨ੍ਹਾਂ ਦੇ ਪਤੀ ਇਕੱਠੇ ਨਹੀਂ ਰਹਿੰਦੇ। ਮਹਿਬੂਬਾ ਮੁਫਤੀ ਦੀਆਂ ਦੋ ਬੇਟੀਆਂ ਹਨ- ਇਲਤਿਜਾ ਅਤੇ ਇਰਤਿਕਾ। ਵੱਡੀ ਧੀ ਆਪਣੀ ਮਾਂ ਦੇ ਨਕਸ਼ੇ-ਕਦਮਾਂ 'ਤੇ ਚਲਦੀ ਹੈ ਅਤੇ ਨਾਂਅ ਦੇ ਪਿੱਛੇ ਮੁਫਤੀ ਲਗਾਉਂਦੀ ਹੈ ਜਦਕਿ ਛੋਟੀ ਧੀ ਆਪਣੇ ਪਿਤਾ ਦੇ ਨਜ਼ਦੀਕ ਪ੍ਰਤੀਤ ਹੁੰਦੀ ਹੈ।
ਫਿਲਹਾਲ ਮਹਿਬੂਬਾ ਮੁਫਤੀ ਇੱਥੇ ਆਪਣੀ ਸਰਕਾਰੀ ਰਿਹਾਇਸ਼ 'ਤੇ ਨਜ਼ਰਬੰਦ ਹਨ ਜਿਸ ਨੂੰ ਇੱਕ ਸਹਾਇਕ ਜੇਲ੍ਹ ਘੋਸ਼ਿਤ ਕੀਤਾ ਗਿਆ ਹੈ। ਮਹਿਬੂਬਾ ਉਨ੍ਹਾਂ ਸੈਂਕੜੇ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਕੇਂਦਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਅਤੇ ਪਿਛਲੇ ਸਾਲ 5 ਅਗਸਤ ਨੂੰ ਰਾਜ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਸੀ।