ਨਵੀਂ ਦਿੱਲੀ: ਕੋਰੋਨਾ ਵਾਇਰਸ ਮੱਦੇਨਜ਼ਰ ਦੇਸ਼ ਭਰ ਵਿੱਚ ਕੀਤੀ ਗਈ ਤਾਲਾਬੰਦੀ ਦੇ ਵਿਚਕਾਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਸ ਦੇ ਘਰ ਸ਼ਿਫ਼ਟ ਕਰ ਦਿੱਤਾ ਹੈ। ਦੱਸ ਦਈਏ ਕਿ ਜਨਤਕ ਸੁਰੱਖਿਆ ਐਕਟ (ਪੀਐਸਏ) ਦੇ ਅਧੀਨ ਮੁਫ਼ਤੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ, ਹਾਲਾਂਕਿ ਉਸ ਦੀ ਹਿਰਾਸਤ ਉਸ ਦੇ ਘਰ ਵਿੱਚ ਵੀ ਜਾਰੀ ਰਹੇਗੀ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਤਕਰੀਬਨ 8 ਮਹੀਨਿਆਂ ਬਾਅਦ ਮਾਰਚ ਦੇ ਆਖ਼ਰੀ ਹਫ਼ਤੇ ਵਿੱਚ ਹਿਰਾਸਤ ਵਿੱਚੋਂ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਦੀ ਰਿਹਾਈ ਦਾ ਆਦੇਸ਼ ਜਨਤਕ ਸੁਰੱਖਿਆ ਐਕਟ (ਪੀਐਸਏ) ਦੇ ਤਹਿਤ ਉਨ੍ਹਾਂ ਖ਼ਿਲਾਫ਼ ਲਾਏ ਦੋਸ਼ਾਂ ਨੂੰ ਹਟਾਏ ਜਾਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਆਪਣੀ ਰਿਹਾਈ ਤੋਂ ਬਾਅਦ, ਅਬਦੁੱਲਾ ਨੇ ਕਿਹਾ ਕਿ ਪਹਿਲਾ ਕੰਮ ਕੋਵਿਡ-19 ਨਾਲ ਮੁਕਾਬਲਾ ਕਰਨਾ ਹੈ ਅਤੇ ਉਹ ਬਾਅਦ ਵਿੱਚ ਰਾਜਨੀਤਿਕ ਸਥਿਤੀ ਬਾਰੇ ਵਿਸਥਾਰ ਵਿੱਚ ਗੱਲ ਕਰਨਗੇ।
ਇਹ ਵੀ ਪੜ੍ਹੋ: ਕੀ ਹੈ ਪ੍ਰੈਡਿਕਟ ਮਿਸ਼ਨ, ਕੀ ਇਸ ਤਰ੍ਹਾਂ ਫੈਲਿਆ ਕੋਰੋਨਾ ਵਾਇਰਸ ...
ਉਮਰ ਅਬਦੁੱਲਾ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਨੂੰ ਹਿਰਾਸਤ ਵਿੱਚੋਂ ਰਿਹਾਅ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ 221 ਦਿਨਾਂ ਲਈ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ 13 ਮਾਰਚ ਨੂੰ ਰਿਹਾਅ ਕੀਤਾ ਗਿਆ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਇਸ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਤੋਂ ਬਾਅਦ ਮਹਿਬੂਬਾ ਮੁਫ਼ਤੀ, ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।