ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਠੰਡ ਦੇ ਮੌਸਮ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਕਈ ਮੰਤਰੀ ਦਿੱਲੀ ਵਿੱਚ ਪਹੁੰਚ ਕੇ ਰੈਲੀਆਂ ਕਰ ਰਹੇ ਹਨ। ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਦਿੱਲੀ ਵਿੱਚ ਕਈ ਥਾਵਾਂ 'ਤੇ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਅੰਨਾ ਹਜ਼ਾਰੇ ਦੀ ਪਿੱਠ 'ਤੇ ਚੜ੍ਹ ਕੇ ਕੇਜਰੀਵਾਲ ਨੇ ਸੱਤਾ ਕੀਤੀ ਹਾਸਲ
ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕੇਜਰੀਵਾਲ ਦਾ ਰਾਸ਼ਟਰੀ ਮੁੱਦਿਆਂ 'ਤੇ ਕੋਈ ਪਰਿਪਖ ਨਹੀਂ ਹੈ, ਇਸੇ ਲਈ ਉਹ ਦੇਸ਼ ਦੇ ਮੁੱਦਿਆਂ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਪਿਛਲੀ ਚੋਣਾਂ ਤੋਂ ਬਾਅਦ ਹੀ ਠੱਗੀ ਹੋਈ ਮਹਿਸੂਸ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੀ ਪਿੱਠ 'ਤੇ ਚੜ੍ਹ ਕੇ ਸੱਤਾ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਕਿਸੇ ਵੀ ਵਿਸ਼ੇ 'ਤੇ ਕੋਈ ਵਿਕਾਸ ਨਹੀਂ ਕੀਤਾ, ਉਹ ਹਰ ਵਿਸ਼ੇ 'ਤੇ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਕੇਜਰੀਵਾਰ ਦੱਸਣ 5 ਸਾਲ ਵਿੱਚ ਉਨ੍ਹਾਂ ਕੀ ਕੀਤਾ
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਥਾਨਕ ਮੁੱਦਿਆਂ, ਰਾਜ ਦੇ ਮੁੱਦਿਆਂ 'ਤੇ ਵੀ ਗੱਲ ਕਰਨੀ ਪਵੇਗੀ। ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਚੋਣਾਂ ਵਿੱਚ ਉਹੀ ਚੋਣ ਮਨੋਰਥ ਪੱਤਰ ਸੀ ਜੋ ਕਿ ਹੁਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਇਹ ਦੱਸੇ ਕਿ ਉਨ੍ਹਾਂ ਦੀ ਪਾਰਟੀ ਨੇ ਪੰਜ ਸਾਲ ਵਿੱਚ ਕੀ ਕੀਤਾ ਹੈ?
'ਆਪ' ਕੋਲ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਹੀ ਏਡੀਆਰ ਦੀ ਰਿਪੋਰਟ ਆਈ ਸੀ, ਜਿਸ ਮੁਤਾਬਕ ਆਮ ਆਦਮੀ ਪਾਰਟੀ ਕੋਲ ਸਭ ਤੋਂ ਵੱਧ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਵੀ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਨਹੀਂ ਕਰਦੀ ਅਤੇ ਉਹ ਆਪਣੀ ਪਾਰਟੀ ਵਿੱਚ ਵੀ ਭ੍ਰਿਸ਼ਟਾਚਾਰ ਨੂੰ ਖ਼ਤਮ ਨਹੀਂ ਕਰ ਸਕੀ ਹੈ।