ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲ ਸਕਿਆ ਹੈ। ਹੁਣ ਬੀਜੇਪੀ 7 ਆਜ਼ਾਦ ਵਿਧਾਇਕਾਂ, ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੇ ਚੋਟਾਲਾ ਅਤੇ ਹਰਿਆਣਾ ਲੋਕ ਹਿਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦੀ ਮਦਦ ਨਾਲ ਸਰਕਾਰ ਬਣਾਉਣ ਦੀ ਤਿਆਰੀ ਵਿੱਚ ਹੈ।
ਅਜਿਹੀ ਸੰਭਾਵਨਾ ਹੈ ਕਿ ਮਨੋਹਰ ਲਾਲ ਖੱਟਰ ਅੱਜ ਸ਼ਾਮੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਖੱਟਰ ਅੱਜ ਹੀ ਸਰਕਾਰ ਬਣਾਉਣ ਲਈ ਰਾਜਪਾਲ ਨੂੰ ਮਿਲ ਕੇ ਦਾਅਵਾ ਪੇਸ਼ ਕਰਨਗੇ।
ਦੱਸ ਦਈਏ ਕਿ ਬੀਤੇ ਦਿਨ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਨੂੰ ਵੇਖਦਿਆਂ ਭਾਜਪਾ ਦੀ ਦਿੱਲੀ ਹਾਈ ਕਮਾਨ ਨੇ ਖੱਟਰ ਨੂੰ ਦਿੱਲੀ ਬੁਲਾਇਆ ਸੀ। ਸ਼ੁੱਕਰਵਾਰ ਨੂੰ ਮਨੋਹਰ ਲਾਲ ਖੱਟਰ ਨੇ ਆਜ਼ਾਦ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਦੇ ਘਰ ਪਹੁੰਚੇ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 40, ਕਾਂਗਰਸ ਨੂੰ 31 ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ 10 ਸੀਟਾਂ ਮਿਲੀਆਂ ਹਨ ਅਤੇ ਕੋਈ ਵੀ ਪਾਰਟੀ ਇਸ ਸਮੇਂ ਸਰਕਾਰ ਬਨਾਉਣ ਦੀ ਹਾਲਤ ਵਿੱਚ ਨਹੀਂ ਹੈ। ਕਿਸੇ ਵੀ ਪਾਰਟੀ ਨੂੰ ਸੂਬੇ ਵਿੱਚ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਿਮਾਇਤ ਚਾਹੀਦੀ ਹੈ।
ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਸ਼ੁੱਕਰਵਾਰ ਨੂੰ ਫ਼ੈਸਲਾ ਕਰੇਗੀ ਕਿ ਉਨ੍ਹਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦੇਣੀ ਹੈ ਜਾਂ ਨਹੀਂ। ਉਂਝ ਭਾਜਪਾ ਨੂੰ ਜੇਜਪੀ ਦੇ ਸਮਰਥਨ ਦੀ ਜ਼ਰੂਰਤ ਨਹੀੰ ਹੈ ਪਰ ਜੇ ਉਨ੍ਹਾਂ ਨੂੰ ਜੇਜੇਪੀ ਦਾ ਸਮਨਰਥਨ ਮਿਲ ਜਾਂਦਾ ਹੈ ਤਾਂ ਭਾਜਪਾ ਲਈ ਭਵਿੱਖ ਵਿੱਚ ਸਾਰੇ ਰਾਹ ਸਾਫ਼ ਹੋ ਜਾਣਗੇ।