ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਯੂਨਿਟ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਵਿਖੇ ਬੁੱਧਵਾਰ ਨੂੰ ਆਪਣੀ ਪੰਥਕ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਪਾਰਟੀ ਦਾ ਨਾਮ ਜਾਗੋ ਰੱਖਿਆ ਗਿਆ ਹੈ ਜਿਸ ਦਾ ਪੂਰਾ ਅਰਥ ਜੱਗ ਆਸਰਾ ਗੁਰੂ ਓਟ ਹੋਵੇਗਾ। ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਇਹ ਪਾਰਟੀ ਸਿੱਖਾਂ ਦੇ ਮੁੱਦਿਆਂ ਲਈ ਕੰਮ ਕਰੇਗੀ, ਚਾਹੇ ਉਹ ਦਸਤਾਰ ਦਾ ਮੁੱਦਾ ਹੋਵੇ, ਆਰਟੀਕਲ 25 ਦਾ ਮੁੱਦਾ ਹੋਵੇ, ਸਿੱਖ ਬੱਚਿਆਂ ਦੀ ਪੜ੍ਹਾਈ ਦਾ ਮੁੱਦਾ ਹੋਵੇ ਜਾਂ 1984 ਦੇ ਦੰਗਾ ਪੀੜਤਾਂ ਦੀ ਇਨਸਾਫ ਦੀ ਲੜਾਈ ਹੋਵੇ। ਫਿਲਹਾਲ ਇਹ ਪਾਰਟੀ ਦਿੱਲੀ ਵਿੱਚ ਹੀ ਸਿੱਖ ਮੁੱਦਿਆਂ ਲਈ ਕੰਮ ਕਰੇਗੀ ਪਰ ਵਿਸ਼ਵ ਭਰ ਵਿੱਚ ਸਿੱਖਾਂ ਦੇ ਮੁੱਦਿਆਂ 'ਤੇ ਵੀ ਨਜ਼ਰ ਬਣਾਈ ਰੱਖੇਗੀ।
ਮਨਜੀਤ ਸਿੰਘ ਜੀ.ਕੇ. ਨੇ ਬਾਦਲ ਪਰਿਵਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਰਿਆਣਾ ਵਿੱਚ ਚੋਣਾਂ ਲੜਦੀ ਹੈ ਤਾਂ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਜੀ.ਕੇ. ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਾਜਪਾ ਦੇ ਨਾਲ ਇਨੀ ਹੀ ਨਾਰਾਜ਼ਗੀ ਹੈ ਤਾਂ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਕਿਉਂ ਨਹੀਂ ਦੇ ਦਿੰਦੇ। ਮਨਜੀਤ ਸਿੰਘ ਜੀ.ਕੇ. ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਾਦਲ ਪਰਿਵਾਰ ਦੇ ਕਾਰਨ ਹਾਸ਼ੀਏ ਵਿੱਚ ਚਲੀ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਵਿੱਚ ਕੁੱਝ ਅਕਾਲੀ ਲੀਡਰ ਭਾਜਪਾ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ। ਮਨਜੀਤ ਸਿੰਘ ਜੀ.ਕੇ. ਨੇ ਮੋਦੀ ਸਰਕਾਰ ਦੀ ਸਿੱਖਾਂ ਦੇ ਮੁੱਦਿਆਂ 'ਤੇ ਮਦਦ ਕਰਨ ਲਈ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਰਤਾਰਪੁਰ ਲਾਂਘਾ ਖੁਸਵਾਇਆ, 1984 ਲਈ ਐੱਸਆਈਟੀ ਦਾ ਗਠਨ ਕੀਤਾ, ਬੰਦੀ ਸਿੱਖਾਂ ਦੀ ਰਿਹਾਈ ਦੇ ਹੁਕਮ ਦਿੱਤੇ ਅਤੇ ਬਲੈਕ ਲਿਸਟ ਵਿੱਚੋਂ ਸਿੱਖਾਂ ਦੇ ਨਾਮ ਕੱਟ ਦਿੱਤੇ। ਇਹ ਸਾਰੇ ਕੰਮ ਦੱਸਦੇ ਨੇ ਕਿ ਮੌਜੂਦਾ ਸਰਕਾਰ ਸਿੱਖਾਂ ਨੂੰ ਲੈ ਕੇ ਗੰਭੀਰ ਹੈ ਅਤੇ ਉਨ੍ਹਾਂ ਨੂੰ ਅੱਖੋਂ ਪਰੋਖਾ ਨਹੀਂ ਕਰ ਰਹੀ।
ਨਵੀਂ ਬਣੀ ਜਾਗੋ ਪਾਰਟੀ ਜਲਦ ਹੀ ਯੂਥ ਵਿੰਗ ਮਹਿਲਾ ਵਿੰਗ ਧਾਰਮਿਕ ਵਿੰਗ ਅਤੇ ਬੁੱਧੀਜੀਵੀ ਵਿੰਗ ਦੇ ਪ੍ਰਧਾਨਾਂ ਦਾ ਐਲਾਨ ਕਰੇਗੀ।ਪਾਰਟੀ ਨੇ ਅੱਜ ਵਿਦਿਆਰਥੀ ਵਿੰਗ ਦੀ ਪ੍ਰਧਾਨ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਤਰਨਪ੍ਰੀਤ ਕੌਰ ਨੂੰ ਨਿਯੁਕਤ ਕੀਤਾ। ਜੀ.ਕੇ. ਨੇ ਦੱਸਿਆ ਕਿ ਪਾਰਟੀ ਦੀ ਇੱਕ ਸਲਾਹਕਾਰ ਕਮੇਟੀ ਦਾ ਗਠਨ ਵੀ ਜਲਦ ਕੀਤਾ ਜਾਵੇਗਾ। ਸੰਗਠਨ ਦੇ ਮਾਮਲੇ ਵਿੱਚ ਦਿੱਲੀ ਕਮੇਟੀ ਦੇ 40 ਵਾਰਡਾਂ ਨੂੰ 5 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਦਾ ਨਾਮ ਪੰਜ ਸਿੱਖ ਜਰਨੈਲਾਂ ਦੇ ਨਾਮ ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ 1783 ਵਿੱਚ ਦਿੱਲੀ ਫ਼ਤਿਹ ਕੀਤੀ ਸੀ। ਕਮੇਟੀ ਦੇ ਹਰੇਕ ਜ਼ਿਲ੍ਹੇ ਵਿੱਚ 9-10 ਵਾਰਡ ਹੋਣਗੇ। ਪਾਰਟੀ ਦੀ ਵੈੱਬਸਾਈਟ ਫੇਸਬੁੱਕ ਵਟਸਐਪ ਟਵਿੱਟਰ ਇੰਸਟਾਗ੍ਰਾਮ ਅਤੇ ਯੂ ਟਿਊਬ ਲਈ ਸੋਸ਼ਲ ਮੀਡੀਆ ਅਕਾਊਂਟ ਬਣਾ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਆਰੋਪਾਂ ਦੇ ਚੱਲਦਿਆਂ ਮਨਜੀਤ ਸਿੰਘ ਜੀ ਕੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹੱਥ ਧੋਣੇ ਪਏ ਸਨ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਇਹ ਪੰਥਕ ਪਾਰਟੀ ਕਿਸ ਤਰ੍ਹਾਂ ਦੇ ਨਾਲ ਦਿੱਲੀ ਦੀ ਸਿੱਖ ਸੰਗਤ ਦੀ ਸੇਵਾ ਕਰਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਸਿਰਦਰਦ ਬਣਦੀ ਹੈ।