ਨਵੀਂ ਦਿੱਲੀ: ਅਕਾਲੀ ਦਲ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਸ਼ਮਸ਼ਾਨ ਘਾਟਾਂ ਵਿੱਚ ਵਧਦੇ ਲਾਸ਼ਾਂ ਦੇ ਢੇਰ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਸਿਰਸਾ ਮੁਤਾਬਕ ਜੇ ਧਿਆਨ ਨਾ ਦਿੱਤਾ ਗਿਆ ਤਾਂ ਦਿੱਲੀ ਵਿੱਚ ਸੜਕਾਂ 'ਤੇ ਲਾਸ਼ਾਂ ਨਜ਼ਰ ਆਉਣਗੀਆਂ।
ਵੀਰਵਾਰ ਨੂੰ ਇੱਕ ਵੀਡੀਓ ਜਾਰੀ ਕਰਦਿਆਂ ਸਿਰਸਾ ਨੇ ਕਿਬਾ ਕਿ ਦਿੱਲੀ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਾਲਾਤ ਇੰਨੇ ਮਾੜੇ ਹਨ ਕਿ ਹੁਣ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਨੂੰ ਬੈੱਡ ਤਾਂ ਛੱਡੋ ਲੋਕਾਂ ਨੂੰ ਸਸਕਾਰ ਕਰਨ ਲਈ ਥਾਂ ਲੈਣ ਲਈ ਵੀ ਸਿਫਾਰਿਸ਼ ਕਰਵਾਉਣੀ ਪੈ ਰਹੀ ਹੈ।
ਸਿਰਸਾ ਨੇ ਕਿਹਾ ਕਿ ਪੰਜਾਬੀ ਬਾਗ ਵਿੱਚ ਉਹ ਖ਼ੁਦ ਸਿਫਾਰਿਸ਼ ਕਰਕੇ ਲੋਕਾਂ ਦੇ ਸਸਕਾਰ ਕਰਵਾ ਰਹੇ ਹਨ। ਸਿਰਸਾ ਨੇ ਕੇਜਰੀਵਾਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦਿੱਲੀ ਬਰਬਾਦੀ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਛੇਤੀ ਹੀ ਸਥਿਤੀ ਨੂੰ ਸੰਭਾਲਿਆ ਨਾ ਗਿਆ ਤਾਂ 15 ਦਿਨਾਂ ਵਿੱਚ ਲਾਸ਼ਾਂ ਦੀਆਂ ਕਤਾਰਾਂ ਦਿੱਲੀ ਦੀਆਂ ਸੜਕਾਂ 'ਤੇ ਨਜ਼ਰ ਆਉਣਗੀਆਂ।
ਦੱਸਣਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਸਥਿਤੀ ਭਿਆਨਕ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਵਿੱਚ 32 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਹੋ ਗਏ ਹਨ ਅਤੇ ਹੁਣ ਤੱਕ 984 ਲੋਕਾਂ ਦੀ ਮੌਤ ਹੋਈ ਹੈ।