ਨਵੀਂ ਦਿੱਲੀ: ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਕੋਲਕਾਤਾ ਪੁਲਿਸ ਦੇ ਵਹਿਸ਼ੀਪੁਣੇ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੰਡਨ ਕੀਤਾ ਹੈ। ਸਿੱਖ ਨਾਗਰਿਕ ਦੇ ਨਾਲ ਹੋਏ ਮਾੜੇ ਸਲੂਕ ਨੂੰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਦਾ ਅਪਮਾਨ ਦੱਸਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਮਤਾ ਬੈਨਰਜੀ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।
ਸ਼ੁੱਕਰਵਾਰ ਨੂੰ ਸਿਰਸਾ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਕੋਲਕਾਤਾ ਵਿੱਚ ਸਿੱਖ ਨਾਗਰਿਕ ਬਲਵਿੰਦਰ ਸਿੰਘ ਦੇ ਨਾਲ ਮਾਰ-ਕੁੱਟ ਕੀਤੀ ਗਈ ਹੈ ਅਤੇ ਸਿੱਖਾਂ ਦਾ ਅਪਮਾਨ ਕੀਤਾ ਗਿਆ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਰਾਹੀਂ ਸਿੱਖਾਂ ਨੂੰ ਠੇਸ ਪਹੁੰਚੀ ਹੈ। ਅਜਿਹੇ ਵਿੱਚ ਅਸੀਂ ਮਮਤਾ ਬੈਨਰਜੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਇਸੇ ਪਗੜੀ ਨੂੰ ਬੰਨ੍ਹ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਖ਼ਾਤਰ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰ ਦਿੱਤਾ। ਇਤਿਹਾਸ ਵਿੱਚ ਦਸਤਾਰ ਦੀ ਖ਼ਾਤਰ ਹੋਈਆਂ ਕਈ ਕੁਰਬਾਨੀਆਂ ਦਰਜ ਹਨ, ਅਜਿਹੇ ਵਿੱਚ ਦਸਤਾਰ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਮਮਤਾ ਬੈਨਰਜੀ ਦੀ ਪੁਲਿਸ ਨੂੰ ਰੱਖਣਾ ਚਾਹੀਦਾ ਸੀ ਧਿਆਨ
ਸਿਰਸਾ ਨੇ ਕਿਹਾ ਕਿ ਇਸੇ ਦਸਤਾਰ ਨੂੰ ਬੰਨ ਕੇ ਸ਼ਹੀਦ ਭਗਤ ਸਿੰਘ ਨੇ ਆਪਣੇ ਗਲੇ ਵਿੱਚ ਫ਼ਾਂਸੀ ਦਾ ਰੱਸਾ ਪਾਇਆ ਸੀ। ਇਹੀ ਦਸਤਾਰ ਬੰਨ੍ਹ ਕੇ ਜਨਰਲ ਜਗਜੀਤ ਸਿੰਘ ਅਰੋੜਾ ਨੇ 90,000 ਪਾਕਿ ਫ਼ੌਜੀਆਂ ਦਾ ਸਰੰਡਰ ਕਰਵਾਇਆ ਸੀ ਅਤੇ ਬੰਗਲਾਦੇਸ਼ ਇੱਕ ਵੱਖਰਾ ਮੁਲਕ ਬਣਵਾਇਆ ਸੀ। ਮਮਤਾ ਬੈਨਰਜੀ ਦੀ ਪੁਲਿਸ ਨੂੰ ਕਿਸੇ ਸਿੱਖ ਨਾਗਰਿਕ ਦਾ ਅਪਮਾਨ ਕਰਨ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਸੀ।
ਪੁਲਿਸ 'ਤੇ ਕਾਰਵਾਈ ਦੀ ਮੰਗ
ਮਨਜਿੰਦਰ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਮਮਤਾ ਬੈਨਰਜੀ ਨੂੰ ਉਨ੍ਹਾਂ ਸਾਰੇ ਲੋਕਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਇੱਕ ਨਾਗਰਿਕ ਦੇ ਨਾਲ ਇਹ ਬਦਸਲੂਕੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਨੂੰ ਤਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਦੋਸ਼ੀਆਂ ਉੱਤੇ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।