ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਭਾਜਪਾ 'ਚ ਇੱਕ ਦੂਸਰੇ 'ਤੇ ਟਿੱਪਣੀਆਂ ਕਰਨ ਦਾ ਸਿਲਸਿਲਾ ਜਾਰੀ ਹੈ। ਹੁਣ ਮਮਤਾ ਨੇ ਭਾਜਪਾ ਦੀ ਤੁਲਨਾ ਚੰਬਲ ਦੇ ਡਾਕੂਆਂ ਨਾਲ ਕੀਤੀ ਹੈ। ਉਨ੍ਹਾਂ ਜਲਪਾਈਗੁਡੀ 'ਚ ਇੱਕ ਸਭਾ 'ਚ ਕਿਹਾ, 'ਭਾਜਪਾ ਤੋਂ ਵੱਡਾ ਕੋਈ ਚੋਰ ਨਹੀਂ ਹੈ। ਉਹ ਚੰਬਲ ਦੇ ਡਾਕੂ ਹਨ। ਉਨ੍ਹਾਂ 2014, 2016, 2019 ਦੀਆਂ ਚੋਣਾਂ 'ਚ ਕਿਹਾ ਸੀ ਕਿ ਸੱਤ ਚਾਹ ਦੇ ਬਾਗਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ ਅਤੇ ਕੇਂਦਰ ਉਨ੍ਹਾਂ ਨੂੰ ਟੇਕਓਵਰ ਕਰੇਗਾ। ਹੁਣ ਉਹ ਨੌਕਰੀ ਦਾ ਵਾਅਦਾ ਕਰ ਰਹੇ ਹਨ ਤੇ ਧੋਖਾ ਦੇ ਰਹੇ ਹਨ।'
ਮਮਤਾ ਬੈਨਰਜੀ ਨੇ ਕਿਹਾ, 'ਭਾਜਪਾ ਲਈ ਹਰ ਕੋਈ ਚੋਰ ਹੈ ਅਤੇ ਉਹ ਸੰਤ ਹਨ। ਉਸ ਨੇ ਸੂਬੇ ਦੇ ਲੋਕਾਂ ਨੂੰ ਧਮਕਾਉਣ ਲਈ ਚੰਬਲ ਖੇਤਰ ਤੋਂ ਡਾਕੂਆਂ ਨੂੰ ਭੇਜਿਆ ਹੈ।' ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਆਈ.ਪੀ.ਐਸ. ਅਧਿਕਾਰੀਆਂ ਨੂੰ ਆਪਣੇ ਅੰਦਰ ਸੇਵਾ ਦੇਣ ਲਈ ਤਲਬ ਕਰਕੇ ਸੂਬੇ ਦੇ ਅਧਿਕਾਰ ਖੇਤਰ 'ਚ ਦਖਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ 'ਤੇ ਹਮਲਾ ਨਹੀਂ ਕੀਤਾ ਗਿਆ।
ਬੈਨਰਜੀ ਨੇ ਕਿਹਾ, 'ਜੇਕਰ ਭਾਜਪਾ ਸੋਚਦੀ ਹੈ ਕਿ ਕੇਂਦਰੀ ਬਲ ਇੱਥੇ ਲਿਆ ਕੇ ਸੂਬਾ ਕੈਡਰ ਦੇ ਅਧਿਕਾਰੀਆਂ ਦਾ ਤਬਾਦਲਾ ਕਰਕੇ ਸਾਨੂੰ ਡਰਾ ਦੇਣਗੇ ਤਾਂ ਉਹ ਗਲਤ ਸੋਚ ਰਹੇ ਹਨ। ਕੇਂਦਰ ਸਾਡੇ ਅਧਿਕਾਰੀਆਂ ਨੂੰ ਤਲਬ ਕਰ ਰਿਹਾ ਹੈ। ਕੋਈ ਵੀ ਨੱਢਾ ਜਾਂ ਉਨ੍ਹਾਂ ਦੇ ਕਾਫਲੇ ਨੂੰ ਸੱਟ ਨਹੀਂ ਪਹੁੰਚਾਉਣਾ ਚਾਹੁੰਦਾ ਸੀ।'
ਉਨ੍ਹਾਂ ਕਿਹਾ, 'ਉਨ੍ਹਾਂ ਦੇ ਕਾਫਲੇ 'ਚ ਏਨੀਆਂ ਕਾਰਾਂ ਕਿਉਂ ਸਨ? ਦੋਸ਼ੀ ਅਪਰਾਧੀ ਉਨ੍ਹਾਂ ਦੇ ਨਾਲ ਕਿਉਂ ਸਨ? ਜਿਹੜੇ ਗੁੰਡਿਆਂ ਨੇ ਪਿਛਲੇ ਸਾਲ ਈਸ਼ਵਰ ਚੰਦਰ ਵਿੱਦਿਆਸਾਗਰ ਦੀ ਮੂਰਤੀ ਤੋੜੀ, ਉਹ ਵੀ ਨੱਢਾ ਦੇ ਨਾਲ ਆਏ ਸਨ। ਇਸ ਤਰ੍ਹਾਂ ਦੇ ਗੁੰਡਿਆਂ ਨੂੰ ਖੁੱਲ੍ਹਾ ਘੁੰਮਦੇ ਦੇਖ ਲੋਕ ਗੁੱਸੇ 'ਚ ਆ ਗਏ। ਮੈਂ ਚੁਣੌਤੀ ਦਿੰਦੀ ਹਾਂ ਬੰਗਾਲ 'ਚ ਰਾਸ਼ਟਰਪਤੀ ਸ਼ਾਸਨ ਲਾਕੇ ਦਿਖਾਓ।'
ਪੱਛਮੀ ਬੰਗਾਲ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਟੀਐਮਸੀ, ਭਾਜਪਾ, ਕਾਂਗਰਸ-ਵਾਮਦਲ ਗਠਜੋੜ ਕਮਰ ਕੱਸ ਰਹੇ ਹਨ।