ਅਲਵਰ: ਰਾਜਸਥਾਨ ਦੇ ਅਲਵਰ ਗੈਂਗਰੇਪ ਕੇਸ 'ਚ ਸਾਰੇ ਹੀ 6 ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਰੇਪ 'ਚ ਸ਼ਾਮਲ ਹੰਸਰਾਜ ਦੀ ਗ੍ਰਿਫ਼ਤਾਰੀ ਵੀਰਵਾਰ ਸਵੇਰੇ ਹੋਈ ਸੀ ਅਤੇ ਸ਼ਾਮ ਤੱਕ ਮੁੱਖ ਮੁਲਜ਼ਮ ਛੋਟੇਲਾਲ ਗੁੱਜਰ ਨੂੰ ਵੀ ਪੁਲਿਸ ਨੇ ਦਬੋਚ ਲਿਆ। ਗੈਂਗਰੇਪ ਕਰਨ ਵਾਲੇ ਪੰਜਾਂ ਮੁਲਜ਼ਮਾਂ ਦੇ ਨਾਲ ਇਸ ਮਾਮਲੇ 'ਚ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਸਣੇ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਦੱਸ ਦਈਏ ਕਿ ਮੁਲਜ਼ਮਾਂ 'ਚੋਂ ਇੱਕ ਮੁਲਜ਼ਮ ਨੇ ਆਪਣੇ ਜੁਰਮ ਨੂੰ ਕਬੂਲ ਵੀ ਕਰ ਲਿਆ ਹੈ। ਵੀਰਵਾਰ ਨੂੰ ਜਦ ਮੁਲਜ਼ਮ ਹੰਸਰਾਜ ਤੋਂ ਇਸ ਘਟਨਾ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ, 'ਹਾਂ ਗਲਤੀ ਹੋ ਗਈ।' ਜਬਰ ਜਨਾਹ ਦੇ ਮੁਲਜ਼ਮ ਦੇ ਇਸ ਕਬੂਲਨਾਮੇ ਦੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਅਤੇ ਕਾਨੂੰਨੀ ਸ਼ਿਕੰਜਾ ਮਜ਼ਬੂਤੀ ਨਾਲ ਕੱਸਣਾ ਲਗਭਗ ਤੈਅ ਹੈ।
ਕੀ ਹੈ ਮਾਮਲਾ:
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਇੱਕ ਦਲਿਤ ਔਰਤ ਨਾਲ 5 ਵਿਅਕਤੀਆਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਨਾ ਸਿਰਫ਼ ਔਰਤ ਨਾਲ ਗੈਂਗਰੇਪ ਕੀਤਾ ਬਲਕਿ ਉਸ ਦੀ ਵੀਡੀਓ ਵੀ ਬਣਾਈ। ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀ।