ਮੁੰਬਈ : ਸ਼ਿਵ ਸੈਨਾ ਦੇ ਮੁਖੀ ਉੱਧਵ ਠਾਕਰੇ ਨੇ ਮਹਾਂਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਪਾਰਟੀ ਦੇ ਯਤਨਾਂ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਇਸ ਸਬੰਧੀ ਉਨ੍ਹਾਂ ਤੋਂ ਸਹਾਇਤਾ ਮੰਗੀ।
ਉਨ੍ਹਾਂ ਦੇ ਇੱਕ ਸਾਥੀ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ, "ਉੱਧਵ ਠਾਕਰੇ ਪਾਸੋਂ ਸੋਨੀਆ ਗਾਂਧੀ ਨੂੰ ਪਾਰਟੀ ਦੀ ਹਮਾਇਤ ਕਰਨ ਅਤੇ ਸਰਕਾਰ ਬਣਾਉਣ ਦੀ ਰਸਮੀ ਬੇਨਤੀ ਕੀਤੀ ਗਈ।"
ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਬਾਰੇ ਰਾਜ ਦੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਬਾਰੇ ਫ਼ੈਸਲਾ ਲਵੇਗੀ। ਇਸ ਦੌਰਾਨ ਸ਼ਿਵ ਸੈਨਾ ਦਾ ਇੱਕ ਵਫਦ ਆਦਿੱਤਿਆ ਠਾਕਰੇ ਦੀ ਅਗਵਾਈ ਵਿੱਚ ਅਤੇ ਪਾਰਟੀ ਦੇ ਸੀਨੀਅਰ ਨੇਤਾ ਸੋਮਵਾਰ ਸ਼ਾਮ ਰਾਜਪਾਲ ਭਾਗਲ ਸਿੰਘ ਕੋਸ਼ੀਅਰੀ ਨੂੰ ਮਿਲਣ ਰਾਜ ਭਵਨ ਲਈ ਰਵਾਨਾ ਹੋਏ।
ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੀਆਂ 56 ਸੀਟਾਂ ਹਨ ਜਦਕਿ ਐਨਸੀਪੀ ਅਤੇ ਕਾਂਗਰਸ ਕੋਲ 54 ਅਤੇ 44 ਸੀਟਾਂ ਹਨ। ਸੂਬੇ ਵਿਚ ਸਰਕਾਰ ਬਣਾਉਣ ਲਈ ਬਹੁਮਤ ਸਾਬਤ ਕਰਨ ਲਈ ਘੱਟੋ ਘੱਟ 145 ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ।