ਮੁੰਬਈ: ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਆਈ ਦਰਾਰ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਨੇ ਅੱਜ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ। ਤਿੰਨਾਂ ਧਿਰਾਂ ਨੇ ਮਿਲ ਕੇ ਇੱਕ ਪਟੀਸ਼ਨ ਦਾਇਰ ਕੀਤੀ। ਤਿੰਨਾਂ ਧਿਰਾਂ ਦੀ ਪਟੀਸ਼ਨ 'ਤੇ ਐਤਵਾਰ ਸਵੇਰੇ 11:30 ਵਜੇ ਅਦਾਲਤ ਵਿੱਚ ਸੁਣਵਾਈ ਹੋਵੇਗੀ।
ਦੱਸਣਯੋਗ ਹੈ ਕਿ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਨੇ ਮਹਾਂਰਾਸ਼ਟਰ ਦੇ ਰਾਜਪਾਲ ਵੱਲੋਂ ਦੇਵੇਂਦਰ ਫੜਨਵੀਸ ਨੂੰ 23 ਨਵੰਬਰ ਨੂੰ ਰਾਜ ਵਿੱਚ ਆਪਣੀ ਸਰਕਾਰ ਬਣਾਉਣ ਦੇ ਸੱਦੇ ਦੇ ਵਿਰੋਧ 'ਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਸੂਤਰਾਂ ਮੁਤਾਬਕ ਚੀਫ਼ ਜਸਟਿਸ ਬੋਬੜੇ ਦਿੱਲੀ ਵਿੱਚ ਨਹੀਂ ਹਨ। ਅਦਾਲਤ ਦੀ ਮਿਆਦ ਲੰਘ ਜਾਣ ਤੋਂ ਬਾਅਦ, ਆਮ ਤੌਰ ਤੇ ਚੀਫ਼ ਜਸਟਿਸ ਕੇਸ ਦੀ ਸੁਣਵਾਈ ਲਈ ਬੈਂਚ ਕਾਇਮ ਕਰਨ ਦਾ ਫ਼ੈਸਲਾ ਕਰਦੇ ਹਨ। ਇਸ ਤੋਂ ਪਹਿਲਾ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਵੱਲੋਂ ਬੁਲਾਈ ਗਈ ਵਿਧਾਇਕਾਂ ਦੀ ਬੈਠਕਾਂ 'ਚ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦਿਲੀਪ ਪਾਟਿਲ ਨੂੰ ਅਜੀਤ ਪਵਾਰ ਦੀ ਜਗ੍ਹਾ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ।