ਭੋਪਾਲ: ਜੋਤੀਰਾਦਿੱਤਿਆ ਸਿੰਧੀਆ ਦੇ ਸਮਰਥਨ ਵਿੱਚ 22 ਵਿਧਾਇਕਾਂ ਦੇ ਅਸਤੀਫੇ ਨਾਲ ਕਮਲਨਾਥ ਸਰਕਾਰ ਮੁਸੀਬਤ ਵਿੱਚ ਹੈ। ਰਾਜਨੀਤਿਕ ਉਥਲ-ਪੁਥਲ ਵਿਚਕਾਰ ਮੁੱਖ ਮੰਤਰੀ ਕਮਲਨਾਥ ਰਾਜ ਭਵਨ ਵਿਖੇ ਰਾਜਪਾਲ ਲਾਲ ਜੀ ਟੰਡਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਜਿੱਥੇ ਭਾਜਪਾ 16 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਬਹੁਮਤ ਟੈਸਟ ਦੀ ਮੰਗ ਕਰ ਰਹੀ ਹੈ।
ਦੂਜੇ ਪਾਸੇ ਵਿਧਾਨ ਸਭਾ ਦੇ ਸਪੀਕਰ ਐਨ ਪੀ ਪ੍ਰਜਾਪਤੀ ਨੇ ਵੀਰਵਾਰ ਨੂੰ ਅਸਤੀਫ਼ਾ ਦੇਣ ਵਾਲੇ 6 ਮੰਤਰੀਆਂ ਸਣੇ 22 ਭਗੌੜੇ ਕਾਂਗਰਸੀ ਵਿਧਾਇਕਾ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੇ ਆਪਣੀ ਗੱਲ ਰੱਖਣ ਲਈ ਕਿਹਾ ਹੈ।
ਭਾਜਪਾ ‘ਤੇ ਵਿਧਾਇਕਾਂ ਨੂੰ ਖ਼ਰੀਦਣ ਦੇ ਲਾਏ ਦੋਸ਼
ਮੁੱਖ ਮੰਤਰੀ ਨੇ ਰਾਜਪਾਲ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਭਾਜਪਾ ‘ਤੇ ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ ਲਾਏ ਹਨ। ਉਨ੍ਹਾਂ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਬੈਂਗਲੁਰੂ ਵਿੱਚ ਬੰਧਕ ਬਣਾਏ ਗਏ ਵਿਧਾਇਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ।
ਸਪੀਕਰ ਨੇ ਵਿਧਾਇਕਾਂ ਨੂੰ ਜਾਰੀ ਕੀਤੇ ਨੋਟਿਸ
ਵਿਧਾਨ ਸਭਾ ਦੇ ਸਪੀਕਰ ਐੱਨਪੀ ਪ੍ਰਜਾਪਤੀ ਨੇ ਸਾਰੇ ਵਿਧਾਇਕਾਂ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਤੇ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਤੋਂ ਅਸਤੀਫ਼ਾ ਦਿੱਤਾ ਹੈ। ਇਹ ਫੈਸਲਾ ਬਿਨਾ ਕਿਸੇ ਦਬਾਅ ਤੋਂ ਲਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਜਾਪਤੀ ਨੇ ਕਿਹਾ, "ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਸ਼ਟੀ ਕਰਨ ਕਿ ਵਿਧਾਇਕ ਦਬਾਅ ਹੇਠ ਅਸਤੀਫ਼ਾ ਨਹੀਂ ਦਿੰਦੇ।" ਪੂਰੀ ਪ੍ਰਕਿਰਿਆ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ ਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਿੰਧੀਆ ਰਾਜ ਸਭਾ ਲਈ ਅੱਜ ਭਰਨਗੇ ਨਾਮਜ਼ਦਗੀ
ਦੂਜੇ ਪਾਸੇ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ ਜੋਤੀਰਾਦਿੱਤਿਆ ਸਿੰਧੀਆ ਅੱਜ ਭੋਪਾਲ ਤੋਂ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੰਧੀਆ ਵੀਰਵਾਰ ਨੂੰ ਭੋਪਾਲ ਪਹੁੰਚੇ ਜਿਥੇ ਕਾਰਕੁਨਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ ਅੱਜ ਦੁਪਹਿਰ ਕਰੀਬ ਦੋ ਵਜੇ ਵਿਧਾਨ ਸਭਾ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਇਸ ਤੋਂ ਪਹਿਲਾਂ ਉਹ ਭਾਜਪਾ ਦਫ਼ਤਰ ਜਾਣਗੇ।