ਕੋਜ਼ੀਕੋਡ: ਕੇਰਲ ਦੇ ਕਾਰੀਪੁਰ ਕੌਮਾਂਤਰੀ ਹਵਾਈ ਅੱਡੇ ਤੇ ਹੋਏ ਜਹਾਜ਼ ਹਾਦਸੇ ਵਾਲੀ ਜਗ੍ਹਾ ਤੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਪੁੱਜੇ। ਇਸ ਮੌਕੇ ਉਨ੍ਹਾਂ ਨੇ ਹਾਦਸੇ ਦੇ ਪੀੜਤਾਂ ਲਈ ਐਲਾਨ ਵੀ ਕੀਤੇ।
ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 10 ਲੱਖ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀਆਂ ਨੂੰ 2 ਲੱਖ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 50 ਹਜ਼ਾਰ ਜ਼ਖ਼ਮੀਆਂ ਨੂੰ ਦਿੱਤਾ ਜਾਵੇਗਾ।
ਏਅਰ ਇੰਡੀਆ ਦੇ ਚੇਅਰਮੈਨ ਅਤੇ ਐਮਡੀ ਰਾਜੀਵ ਬਾਂਸਲ ਵੀ ਸੀਨੀਅਰ ਅਧਿਕਾਰੀਆਂ ਨਾਲ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਸਨ।
ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਅਤੇ 2 ਪਾਇਲਟਾਂ ਦੇ ਦੁੱਖ ਵਜੋਂ ਏਅਰ ਇੰਡੀਆ ਨੇ ਆਪਣੇ ਟਵਿਟਰ ਖਾਤੇ ਦੀਆਂ ਡਿਸਪਲੇ ਤਸਵੀਰਾਂ ਦਾ ਰੰਗ ਬਦਲ ਕੇ ਕਾਲਾ ਕਰ ਦਿੱਤਾ ਹੈ।
ਕੋਜ਼ੀਕੋਡ ਮੈਡੀਕਲ ਹਸਪਤਾਲ ਵਿੱਚ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਰੈ ਵਿਜਯਾਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਜ਼ਖ਼ਮੀਆਂ ਦਾ ਹਾਲ ਜਾਣਿਆ।
ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਡਿਜੀਟਲ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਬਰਾਮਦ ਕੀਤਾ ਹੈ. ਇਸ ਨਾਲ ਜਹਾਜ਼ ਦੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਜਾਵੇਗਾ।
ਦੱਸ ਦੇਈਏ ਕਿ ਇਹ ਹਾਦਸਾ ਕੇਰਲਾ ਵਿੱਚ ਕੋਜ਼ੀਕੋਡ ਦੇ ਕਾਰੀਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਵਾਪਰਿਆ। ਇਹ ਜਹਾਜ਼ ਦੁਬਈ ਤੋਂ ਆ ਰਿਹਾ ਸੀ, ਇਸ ਦਾ ਨੰਬਰ (IX-1344) ਸੀ। ਇਹ ਬੋਇੰਗ 737 ਹਵਾਈ ਜਹਾਜ਼ ਰਨਵੇ 'ਤੇ ਉੱਤਰਦੇ ਸਮੇਂ ਖਿਸਕ ਗਿਆ, ਜਿਸ ਕਰਕੇ ਜਹਾਜ਼ 2 ਹਿੱਸਿਆਂ ਵਿੱਚ ਟੁੱਟ ਗਿਆ। ਇਹ ਹਾਦਸਾ ਸ਼ਾਮ ਦੇ 7:41 'ਤੇ ਵਾਪਰਿਆ ਹੈ। ਭਿਆਨਕ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।