ਨਵੀਂ ਦਿੱਲੀ: ਦਿੱਲੀ ਦੇ ਲੋਕਾਂ ਨੇ ਇੱਕ ਵਾਰ ਮੁੜ ਤੋਂ ਝਾੜੂ ਤੇ ਭਰੋਸਾ ਬਣਾ ਕੇ ਸੱਤਾ ਦੀ ਚਾਬੀ ਅਰਵਿੰਦ ਕੇਜਰੀਵਾਲ ਦੇ ਹਵਾਲੇ ਕਰ ਦਿੱਤੀ ਹੈ। ਹੁਣ ਇਹ ਦੱਸ ਦਈਏ ਕਿ ਇਹ ਵੈਲਨਟਾਈਨ ਡੇਅ (14 ਫ਼ਰਵਰੀ) ਕੇਜਰੀਵਾਲ ਬੜਾ ਹੀ ਖ਼ਾਸ ਹੋ ਸਕਦਾ ਹੈ। ਆਓ ਦੱਸਦੇ ਹਾਂ, ਕੀ ਹੈ ਇਸ ਦੇ ਪਿੱਛੇ ਖ਼ਾਸ...
ਜੇ ਮੁੱਢ ਤੋਂ ਸ਼ੁਰੂ ਕਰੀਏ ਤਾਂ 2013 ਵਿੱਚ ਹੋਈਆਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਏ ਸੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਕੋਲ 31, ਆਮ ਆਦਮੀ ਪਾਰਟੀ 28 ਅਤੇ ਕਾਂਗਰਸ ਕੋਲ 8 ਸੀਟਾਂ ਸੀ। 'ਆਪ' ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਸੀ। ਇਸ ਤੋਂ ਬਾਅਦ ਇੰਨ੍ਹਾਂ ਦੇ ਰਿਸ਼ਤਿਆਂ ਵਿੱਚ ਮਨ ਮੁਟਾਅ ਆ ਗਏ ਅਤੇ ਕੇਜਰੀਵਾਲ ਨੇ 49 ਦਿਨਾਂ ਦੀ ਸਰਕਾਰ ਚਲਾਉਣ ਤੋਂ ਬਾਅਦ 14 ਫ਼ਰਵਰੀ 2014 ਨੂੰ ਅਸਤੀਫ਼ਾ ਦੇ ਦਿੱਤਾ ਸੀ।
ਫਿਰ ਆਏ 2015 ਇਲੈਕਸ਼ਨ ਜਿਸ ਵਿੱਚ ਕੇਜਰੀਵਾਲ ਨੇ ਤਾਂ 70 ਸੀਟਾਂ ਵਿੱਚੋਂ 67 ਸੀਟਾਂ ਲੈ ਕੇ ਇਤਿਹਾਸ ਹੀ ਰਚ ਦਿੱਤਾ ਜਿਸ ਤੋਂ ਬਾਅਦ 14 ਫ਼ਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ।
ਇਹ ਵੀ ਦੱਸ ਦਈਏ ਕਿ ਕੇਜਰੀਵਾਲ ਨੇ 14 ਫ਼ਰਵਰੀ 2016 ਨੂੰ ਟਵੀਟ ਕਰ ਕੇ ਕਿਹਾ ਸੀ ਕਿ ਇਸੇ ਦਿਨ ਦਿੱਲੀ ਨੂੰ ਆਪ ਨਾਲ ਪਿਆਰ ਹੋਇਆ ਸੀ ਤੇ ਫਿਰ 2018 ਵਿੱਚ ਤਿੰਨ ਸਾਲ ਹੋਣ ਤੇ ਕੇਜਰੀਵਾਲ ਨੇ 14 ਫ਼ਰਵਰੀ ਨੂੰ ਇੱਕ ਸਮਾਗ਼ਮ ਵੀ ਕਰਵਾਇਆ ਸੀ। ਅਤੇ ਹੁਣ 11 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕੇਜਰੀਵਾਲ ਇੱਕ ਵਾਰ ਮੁੜ ਤੋਂ 14 ਫ਼ਰਵਰੀ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਜਾਂ ਨਹੀਂ?
ਇੱਥੇ ਇੱਕ ਹੋਰ ਚੀਜ਼ ਜ਼ਿਕਰ ਕਰ ਦਈਏ ਕਿ ਬੇਸ਼ੱਕ 14 ਫ਼ਰਵਰੀ ਸਾਰਿਆਂ ਲਈ ਪਿਆਰ ਦਾ ਦਿਨ ਹੈ ਪਰ ਲੰਘੇ ਸਾਲ ਇਹੀ 14 ਫ਼ਰਵਰੀ ਭਾਰਤੀਆਂ ਦੀ ਛਾਤੀ ਦੇ ਇੱਕ ਜ਼ਖ਼ਮ ਦੇ ਗਿਆ ਸੀ। ਪੁਲਵਾਮਾ ਵਿੱਚ ਫ਼ੌਜੀ ਟੁਕੜੀ ਤੇ ਹੋਏ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਹੁਣ ਤੇ ਕੇਜਰੀਵਾਲ ਇਸ ਦਿਨ ਹਲਫ਼ ਲੈਂਦੇ ਹਨ ਤਾਂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਰਾਸ਼ਟਰਵਾਦ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰੇ।