ਚੰਡੀਗੜ੍ਹ: ਕਾਰਗਿਲ ਜੰਗ ਦੇ ਹੀਰੋ ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਪ੍ਰਮੋਟ ਕਰ ਦਿੱਤਾ ਹੈ। ਸੋਮਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਤਪਾਲ ਸਿੰਘ ਨੂੰ ਸਹਾਇਕ ਸਬ-ਇੰਸਪੈਕਟਰ ਵਜੋਂ ਤਰੱਕੀ ਦਿੱਤੀ ਹੈ। 2010 'ਚ ਫ਼ੌਜ ਤੋਂ ਅਸਤੀਫ਼ਾ ਦੇ ਕੇ ਆਏ ਸਤਪਾਲ ਸਿੰਘ ਪ੍ਰਮੋਟ ਹੋਣ ਤੋਂ ਪਹਿਲਾਂ ਸੰਗਰੂਰ 'ਚ ਟ੍ਰੈਫ਼ਿਕ ਪੁਲਿਸ 'ਚ ਸੇਵਾਵਾਂ ਦੇ ਰਹੇ ਸਨ।
'ਓਪਰੇਸ਼ਨ ਵਿਜੈ' 'ਚ ਦਿਖਾਈ ਬਹਾਦੁਰੀ
'ਓਪਰੇਸ਼ਨ ਵਿਜੈ' ਦੌਰਾਨ ਸਤਪਾਲ ਸਿੰਘ ਦਰਾਸ ਸੈਕਟਰ ਵਿੱਚ ਤਾਇਨਾਤ ਸੀ। ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਾਲੀ ਭਾਰਤੀ ਫ਼ੌਜ ਦੀ ਮਦਦ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਸਤਪਾਲ ਸਿੰਘ ਨੇ ਪਾਕਿਸਤਾਨੀ ਫ਼ੌਜ ਦੇ ਕੈਪਟਨ ਕਰਨਲ ਸ਼ੇਰ ਖਾਂ ਅਤੇ ਤਿੰਨ ਹੋਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ASI ਬਣਨ 'ਤੇ ਸਤਪਾਲ ਨੇ ਕੀ ਕਿਹਾ?
ਪੰਜਾਬ ਪੁਲਿਸ 'ਚ ASI ਬਣਨ ਤੋਂ ਬਾਅਦ ਸਤਪਾਲ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਰੀ ਜ਼ਰੂਰ ਕੀਤੀ ਪਰ ਫ਼ੈਸਲਾ ਦਰੁਸਤ ਲਿਆ।
ਪੰਜਾਬ ਸਰਕਾਰ ਬਣਾਏਗੀ ਨਵੀਂ ਨੀਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਜੰਗ ਜਾਂ ਸ਼ਾਂਤੀ ਦੇ ਸਮੇਂ ਬਹਾਦੁਰੀ ਦਾ ਪੁਰਸਕਾਰ ਜਿੱਤਣ ਵਾਲੇ ਪੰਜਾਬ ਦੇ ਫੌਜ ਜਾਂ ਪੁਲਿਸ ਦੇ ਜਵਾਨਾਂ ਲਈ ਇੱਕ-ਰੈਂਕ ਤਰੱਕੀ ਦੀ ਨੀਤੀ ਬਾਰੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹਾਦੁਰ ਜਵਾਨਾਂ ਨੂੰ ਆਰਮੀ ਤੋਂ ਵੀ ਇੱਕ ਰੈਂਕ ਵੱਧ ਤੱਰਕੀ ਦਿੱਤੀ ਜਾਵੇਗੀ।