ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਕਾਨਪੁਰ ਵਿੱਚ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਦੋਸ਼ੀ ਵਿਕਾਸ ਦੂਬੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਸਰਕਾਰ ਨੇ ਵਿਕਾਸ ਦੂਬੇ ਦੀ ਗ਼ੈਰ-ਕਾਨੂੰਨੀ ਜਾਇਦਾਦ ਨੂੰ ਜਬਤ ਕਰ ਲਿਆ ਹੈ ਅਤੇ ਸ਼ਨੀਵਾਰ ਨੂੰ ਉਸ ਦਾ ਘਰ ਜੇਸੀਬੀ ਨਾਲ ਢਾਹ ਦਿੱਤਾ ਹੈ।
ਘਰ ਢਾਹੇ ਜਾਣ ਲਈ ਇਨਫੋਰਸਮੈਂਟ ਸਕੁਐਡ ਦੀ ਟੀਮ ਕਾਨਪੁਰ ਦੇ ਬਿੱਕਰੂ ਪਿੰਡ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਕਾਸ ਦੂਬੇ ਦਾ ਘਰ ਗ਼ੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ। ਵਿਕਾਸ ਦੂਬੇ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਉਸ ਦੀ ਭਾਲ ਲਈ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਵੀਰਵਾਰ ਦੇਰ ਰਾਤ ਵਿਕਾਸ ਦੂਬੇ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਵਾਲਿਆਂ 'ਤੇ ਫਾਇਰਿੰਗ ਕੀਤੀ ਜੋ ਦੂਬੇ ਦੀ ਭਾਲ ਲਈ ਪਿੰਡ ਗਏ ਹੋਏ ਸਨ ਅਤੇ 8 ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਸੀ। ਹਮਲੇ ਤੋਂ ਬਾਅਦ ਦੋਸ਼ੀ ਏਕੇ-47, ਇਨਸਾਸ ਰਾਈਫਲ, ਗਲੋਕ ਪਿਸਤੌਲ ਅਤੇ 99 ਮਿਲੀਮੀਟਰ ਪਿਸਤੌਲ ਲੁੱਟ ਕੇ ਫਰਾਰ ਹੋ ਗਏ।
ਇਸ ਘਟਨਾ ਵਿੱਚ ਇੱਕ ਅਧਿਕਾਰੀ ਸਮੇਤ 8 ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਗੁਆਈ। ਪੁਲਿਸ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਉਕਤ ਘਟਨਾ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪੁਲਿਸ ਨਾਲ ਮੁੜ ਮੁਕਾਬਲੇ ਵਿੱਚ 2 ਦੋਸ਼ੀ ਮਾਰੇ ਗਏ ਸਨ। ਉਨ੍ਹਾਂ ਵਿੱਚੋਂ ਇੱਕ ਦੇ ਕੋਲੋਂ ਪੁਲਿਸ ਤੋਂ ਲੁੱਟਿਆ ਹਥਿਆਰ ਬਰਾਮਦ ਹੋਇਆ।
ਇਹ ਵੀ ਪੜ੍ਹੋ: ਦਿੱਲੀ ਦੇ RML ਹਸਪਤਾਲ 'ਚ ਲਾਸ਼ਾਂ ਨਾਲ ਰਹਿਣ ਲਈ ਮਜਬੂਰ ਕੋਰੋਨਾ ਮਰੀਜ਼
ਕਾਨਪੁਰ ਦੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.) ਮੋਹਿਤ ਅਗਰਵਾਲ ਨੇ ਦੱਸਿਆ ਕਿ ਵਿਕਾਸ ਦੂਬੇ ਅਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਪੁਲਿਸ ਦੀਆਂ 25 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਕੁੱਝ ਹੋਰ ਰਾਜਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਨਹੀਂ ਦੱਸਿਆ ਜਾ ਸਕਦਾ ਕਿ ਕਿਹੜੇ ਜ਼ਿਲ੍ਹਿਆਂ ਅਤੇ ਕਿਸ ਰਾਜਾਂ ਵਿੱਚ ਪੁਲਿਸ ਟੀਮਾਂ ਸਰਚ ਅਭਿਆਨ ਚਲਾ ਰਹੀਆਂ ਹਨ।
ਆਈਜੀ ਵਿਕਾਸ ਦੂਬੇ ਨੇ ਦੋਸ਼ੀਆਂ ਬਾਰੇ ਸਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਮੁਖ਼ਬਰ ਦੀ ਪਛਾਣ ਗੁਪਤ ਰੱਖੀ ਜਾਵੇਗੀ।