ਨਵੀਂ ਦਿੱਲੀ: ਮੱਧ ਪ੍ਰਦੇਸ਼ ਸਰਕਾਰ ਵਿੱਚ ਮੰਤਰੀਆਂ ਦੇ ਅਸਤੀਫ਼ੋ ਮਗਰੋਂ ਮਾਮਲਾ ਭੱਖਦਾ ਜਾ ਰਿਹਾ ਹੈ। ਉੱਥੇ ਹੀ ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸਿੰਧੀਆ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ, ਜੋ ਕਾਂਗਰਸ ਪਾਰਟੀ ਵਿੱਚ ਰਹਿ ਕੇ ਸੰਭਵ ਨਹੀਂ ਹੈ। ਸਿੰਧੀਆ ਦੇ 22 ਸਮਰਥਕ ਵਿਧਾਇਕਾਂ ਨੇ ਵੀ ਆਪੋ-ਆਪਣੇ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਵਿੱਚੋਂ 6 ਤਾਂ ਕਮਲਨਾਥ ਸਰਕਾਰ ਵਿੱਚ ਮੰਤਰੀ ਵੀ ਸਨ।
ਯਸ਼ੋਧਰਾ ਰਾਜੇ ਸਿੰਧੀਆ ਨੇ ਜ਼ਾਹਰ ਕੀਤੀ ਖੁਸ਼ੀ
ਜੋਤੀਰਾਦਿੱਤਿਆ ਦੇ ਕਾਂਗਰਸ ਛੱਡਣ 'ਤੇ ਉਨ੍ਹਾਂ ਦੀ ਭੂਆ ਅਤੇ ਭਾਜਪਾ ਨੇਤਾ ਯਸ਼ੋਧਰਾ ਰਾਜੇ ਸਿੰਧੀਆ ਨੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, "ਰਾਜਮਾਤਾ ਦੇ ਖੂਨ ਨੇ ਕੌਮੀ ਹਿੱਤ ਵਿੱਚ ਫੈਸਲਾ ਲਿਆ। ਇਕੱਠੇ ਚੱਲਾਂਗੇ, ਹੁਣ ਹਰ ਫਾਂਸਲਾ ਮਿਟ ਗਿਆ ਹੈ।"
ਦੋਹਰੇ ਮਾਪਦੰਡ ਕਾਂਗਰਸ ਨੂੰ ਸ਼ੋਭਾ ਨਹੀਂ ਦਿੰਦੇ: ਸ਼ਿਵਰਾਜ ਚੌਹਾਨ
ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਿੱਚ ਮਚੇ ਬਵਾਲ ਦਰਮਿਆਨ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਉੱਘੇ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਕਾਂਗਰਸ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਦੋਹਰੇ ਮਾਪਦੰਡ ਕਾਂਗਰਸ ਨੂੰ ਸ਼ੋਭਾ ਨਹੀਂ ਦਿੰਦੇ।
ਲਾਲਚ ਵਿੱਚ ਪੈ ਗਏ ਸਿੰਧੀਆ: ਅਧੀਰ ਰੰਜਨ ਚੌਧਰੀ
ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਿੰਧੀਆ ਕਾਂਗਰਸ ਪਾਰਟੀ ਵਿੱਚ ਬਹੁਤ ਸਾਰੇ ਸੀਨੀਅਰ ਅਹੁਦਿਆਂ 'ਤੇ ਰਹੇ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ। ਸ਼ਾਇਦ ਉਹ ਮੋਦੀ ਦੁਆਰਾ ਦਿੱਤੇ ਮੰਤਰੀ ਮੰਡਲ ਦੀ ਪੇਸ਼ਕਸ਼ ਕਰਕੇ ਲਾਲਚ ਵਿੱਚ ਪੈ ਗਏ ਹਨ। ਅਸੀਂ ਜਾਣਦੇ ਹਾਂ ਕਿ ਉਸ ਦਾ ਪਰਿਵਾਰ ਦਹਾਕਿਆਂ ਤੋਂ ਭਾਜਪਾ ਨਾਲ ਜੁੜਿਆ ਹੋਇਆ ਹੈ, ਪਰ ਫਿਰ ਵੀ ਇਹ ਇੱਕ ਵੱਡਾ ਘਾਟਾ ਹੈ।
ਕਮਲਨਾਥ ਨੇ ਰਾਜਪਾਲ ਨੂੰ ਲਿਖੀ ਚਿੱਠੀ
ਮੁੱਖ ਮੰਤਰੀ ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਨੂੰ ਚਿੱਠੀ ਲਿਖੀ ਹੈ ਤੇ 6 ਮੰਤਰੀਆਂ ਨੂੰ ਕੈਬਨਿਟ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਬੈਂਗਲੁਰੂ 'ਚ ਰਹਿ ਰਹੇ ਕਾਂਗਰਸ ਦੇ 19 ਵਿਧਾਇਕਾਂ ਨੇ ਮੰਗੀ ਸੁਰੱਖਿਆ
ਬੈਂਗਲੁਰੂ 'ਚ ਰਹਿ ਰਹੇ ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੇ 19 ਵਿਧਾਇਕਾਂ ਨੇ ਕਰਨਾਟਕ ਦੇ ਡੀ.ਜੀ.ਪੀ ਨੂੰ ਚਿੱਠੀ ਲਿਖ ਸੁਰੱਖਿਆ ਅਤੇ ਪੁਲਿਸ ਐਸਕਾਰਟ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਵੈ ਇੱਛਾ ਨਾਲ ਕਿਸੇ ਕੰਮ ਲਈ ਬੈਂਗਲੁਰੂ ਆਏ ਹਨ ਤੇ ਸੁਰੱਖਿਅਤ ਅੰਦੋਲਨ ਲਈ ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।
ਰਾਜ ਸਭਾ ਭੇਜਣ 'ਤੇ ਵਿਚਾਰ
ਸੂਬਾ ਸਰਕਾਰ 'ਤੇ ਮੰਡਰਾਉਂਦੇ ਖ਼ਤਰੇ ਨੂੰ ਦੇਖਦੇ ਹੋਏ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕਮਲ ਨਾਥ ਨੂੰ ਹੱਲ ਦੇ ਸਾਰੇ ਬਦਲਾਂ ਦਾ ਰਸਤਾ ਖੋਲ੍ਹੇ ਰੱਖਣ ਨੂੰ ਕਿਹਾ ਹੈ। ਕਾਂਗਰਸ ਵੱਲੋਂ ਸੰਕੇਤ ਇਹ ਵੀ ਹੈ ਕਿ ਜਯੋਤੀਰਾਦਿੱਤਿਆ ਸਿੰਧੀਆ ਨੂੰ ਰਾਜ ਸਭਾ ਉਮੀਦਵਾਰ ਬਣਾਉਣ ਵਿਚ ਹਾਈਕਮਾਨ ਨੂੰ ਕੋਈ ਦਿੱਕਤ ਨਹੀਂ ਹੈ।
ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਮਨੋਜ ਚੌਧਰੀ ਨੇ ਵਿਧਾਨ ਸਭਾ ਦੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲੇ ਕੁਲ ਕਾਂਗਰਸੀ ਵਿਧਾਇਕ ਹੁਣ 22 ਹਨ।