ਗਵਾਲੀਅਰ (ਮੱਧ ਪ੍ਰਦੇਸ਼): ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਤਾਲਾਬੰਦੀ ਦੌਰਾਨ ਐਤਵਾਰ ਨੂੰ ਗਵਾਲੀਅਰ ਵਿੱਚ ਭਾਜਪਾ ਆਗੂ ਜਯੋਤੀਰਾਦਿੱਤਿਆ ਸਿੰਧੀਆ ਦੇ ਲਾਪਤਾ ਹੋਣ ਦੇ ਪੋਸਟਰ ਨਜ਼ਰ ਆਏ। ਪੋਸਟਰ ਵਿੱਚ ਉਨ੍ਹਾਂ ਨੂੰ ਲੱਭਣ ਵਾਲੇ ਲਈ 51,00 ਰੁਪਏ ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਸਿੰਧੀਆ ਵੱਲੋਂ ਕਾਂਗਰਸ ਪਾਰਟੀ ਛੱਡਣ ਮੌਕੇ ਦਿੱਤੇ ਕਾਰਨ 'ਤੇ ਤੰਜ ਕਸਦਿਆਂ ਪੋਸਟਰ 'ਤੇ ਲਿਖਿਆ ਸੀ, "ਉਹ ਜਨਸੇਵਾ ਕਰਨ 'ਚ ਅਸਮਰੱਥ ਸੀ ਪਰ ਉਹ ਹੁਣ ਵੀ ਲਾਪਤਾ ਹੈ ਅਤੇ ਫ਼ਸੇ ਪ੍ਰਵਾਸੀਆਂ ਲਈ ਆਪਣੀ ਆਵਾਜ਼ ਨਹੀਂ ਚੁੱਕ ਰਿਹਾ ਹੈ।"
ਇਸ ਤੋਂ ਇਲਾਵਾ, ਪੋਸਟਰ ਵਿੱਚ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਵੀ ਸਿੰਧੀਆ ਨੂੰ ਲੱਭੇਗਾ ਉਸਨੂੰ 5100 ਰੁਪਏ ਦੀ ਇਨਾਮ ਰਾਸ਼ੀ ਮਿਲੇਗੀ। ਹਾਲਾਂਕਿ, ਸ਼ਹਿਰ ਵਿੱਚ ਪੋਸਟਰ ਲਗਾਏ ਜਾਣ ਤੋਂ ਬਾਅਦ ਭਾਜਪਾ ਸਮਰਥਕਾਂ ਵੱਲੋਂ ਇਨ੍ਹਾਂ ਪੋਸਟਰਾਂ ਨੂੰ ਜਲਦੀ ਹੀ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਛਿੰਦਵਾੜਾ ਵਿਖੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਅਤੇ ਉਨ੍ਹਾਂ ਦੇ ਬੇਟੇ ਲੋਕ ਸਭਾ ਮੈਂਬਰ ਨਕੁਲ ਨਾਥ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸੇ ਤਰ੍ਹਾਂ ਦੇ ਪੋਸਟਰ ਸਾਹਮਣੇ ਆਏ ਸਨ।