ਨਵੀਂ ਦਿੱਲੀ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਡਿਗੱਰੀ ਵੰਡ ਸਮਾਰੋਹ ਹੋ ਰਿਹਾ ਹੈ, ਉੱਥੇ ਹੀ ਕੈਂਪਸ ਦੇ ਬਾਹਰ ਫੀਸ ਵਿੱਚ ਹੋਏ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 15 ਦਿਨਾਂ ਤੋਂ ਫੀਸ ਵਾਧੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਯੂਨੀਵਰਸਿਟੀ ਵਿੱਚ ਤਕਰੀਬਨ 40 ਪ੍ਰਤੀਸ਼ਤ ਬੱਚੇ ਗਰੀਬ ਪਰਿਵਾਰਾਂ ਵਿੱਚੋਂ ਆਉਂਦੇ ਹਨ, ਇਸ ਲਈ ਫੀਸ ਵਿੱਚ ਵਾਧਾ ਵਾਪਸ ਲਿਆ ਜਾਣਾ ਚਾਹੀਦਾ ਹੈ।
ਜੇਐਨਯੂ ਕੈਂਪਸ ਦੇ ਬਾਹਰ ਵਿਦਿਆਰਥੀ ਉਪਕੁਲਪਤੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਸੀਆਰਪੀਐਫ ਅਤੇ ਦਿੱਲੀ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ। ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਜੇਐਨਯੂ ਕੈਂਪਸ ਛਾਵਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਵਿਦਿਆਰਥੀ ਯੂਨੀਅਨ ਦੀ ਮੰਗ ਹੈ ਕਿ ਫੀਸਾਂ ਵਿੱਚ ਕੀਤੇ ਗਏ ਵਾਧੇ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਹੋਸਟਲ ਵਿੱਚ ਕੋਈ ਸਰਵਿਸ ਚਾਰਜ ਨਹੀਂ ਲਿਆ ਜਾਣਾ ਚਾਹੀਦਾ ਅਤੇ ਨਾ ਹੀ ਹੋਸਟਲ ਵਿੱਚ ਕੋਈ ਡਰੈਸ ਕੋਡ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੰਗ ਹੈ ਕਿ ਹੋਸਟਲ ਵਿੱਚ ਆਉਣ ਜਾਣ ਦੇ ਸਮੇਂ ਦੀ ਪਾਬੰਦੀ ਖਤਮ ਕੀਤਾ ਜਾਣਾ ਚਾਹੀਦਾ ਹੈ।
