ਨਵੀਂ ਦਿੱਲੀ: 15 ਜਨਵਰੀ 2021 ਤੋਂ ਸੁਨਿਆਰੇ ਸਿਰਫ਼ 14, 18 ਤੇ 22 ਕੈਰੇਟ ਸੋਨੇ ਨਾਲ ਬਣੇ ਹਾਲਮਾਰਕ (wholemark) ਵਾਲੇ ਗਹਿਣੇ ਤੇ ਸੋਨੇ ਦੀਆਂ ਮੂਰਤੀਆਂ ਹੀ ਵੇਚ ਸਕਣਗੇ। ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਸ ਨਿਯਮ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਿਯਮ ਦੀ ਉਲੰਘਣਾ ਕਰਨ 'ਤੇ ਇੱਕ ਸਾਲ ਦੀ ਸਜ਼ਾ ਤੇ ਜ਼ੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।
ਰਾਮਵਿਲਾਸ ਪਾਸਵਾਨ ਨੇ ਕਿਹਾ ਕਿ Bureau of Indian Standards (BIS) 'ਚ ਪੰਜੀਕਰਨ ਤੇ ਜ਼ਰੂਰੀ ਹਾਲਮਾਰਕਿੰਗ ਦੀ ਵਿਵਸਥਾ ਲਈ ਸੋਨਾ ਵੇਚਣ ਵਾਲਿਆਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਗਿਆ ਹੈ। 16 ਜਨਵਰੀ ਨੂੰ ਇਸ ਸਬੰਧੀ ਨੋਟਿਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਿਸ ਚ 15 ਜਨਵਰੀ 2021 ਤੋਂ ਸੋਨੇ ਦੇ ਗਹਿਣਿਆਂ ਦੀ ਜ਼ਰੂਰੀ ਹਾਲਮਾਰਕਿੰਗ ਦੀ ਵਿਵਸਥਾ ਬੋਵੇਗੀ। ਮੌਜੂਦਾ ਸਮੇਂ ਚ ਗੋਲਡ ਹਾਲਮਾਰਕਿੰਗ ਸੁਨਿਆਰਿਆਂ ਦੀ ਮਰਜ਼ੀ 'ਤੇ ਨਿਰਭਰ ਕਰਦੀ ਹੈ।
ਪਾਸਵਾਨ ਨੇ ਕਿਹਾ, "ਅਸੀਂ ਸਾਰੇ ਜ਼ਿਲ੍ਹਿਆ 'ਚ ਹਾਲਮਾਰਕਿੰਗ ਕੇਂਦਰ ਖੋਲ੍ਹਣ ਤੇ ਇੱਕ ਸਾਲ 'ਚ ਸਾਰੇ ਸੁਨਿਆਰਿਆਂ ਦੇ ਪੰਜੀਕਰਨ ਦਾ ਟੀਚਾ ਮਿੱਥਿਆ ਹੈ। ਇਸ ਸਬੰਧੀ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ।
ਦਰਅਸਲ, BIS ਅਪ੍ਰੈਲ ਸਾਲ 2000 ਤੋਂ ਹੀ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਦੀ ਯੋਜਨਾ ਬਣਾ ਰਹੀ ਹੈ। ਇਸ ਵੇਲੇ ਬਾਜ਼ਾਰ 'ਚ ਲਗਭਗ 40 ਫੀਸਦ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਹੋ ਰਹੀ ਹੈ। ਫਿਲਹਾਲ ਹਾਲਮਾਰਕਿੰਗ 10 ਕੈਟੇਗਰੀ 'ਚ ਕੀਤੀ ਜਾਂਦੀ ਹੈ ਪਰ ਅੱਗੇ ਹਾਲਮਾਰਕ ਵਾਲਾ ਸੋਨਾ ਸਿਰਫ਼ 14, 18 ਤੇ 22 ਕੈਰੇਟ ਦੇ ਤਿੰਨ ਗਰੇਡ 'ਚ ਹੀ ਉਪਲੱਬਧ ਹੋਵੇਗਾ।