ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪੂਰਬੀ ਲੱਦਾਖ ਦੀ ਸਥਿਤੀ ਨੂੰ 'ਬਹੁਤ ਗੰਭੀਰ' ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿੱਚ ਰਾਜਨੀਤਕ ਪੱਧਰ ਉੱਤੇ ਦੋਵਾਂ ਧਿਰਾਂ ਦਰਮਿਆਨ ‘ਬਹੁਤ ਡੂੰਘੇ ਵਿਚਾਰ ਵਟਾਂਦਰੇ’ ਦੀ ਲੋੜ ਹੈ। ਚੀਨ ਸਰਹੱਦ ਵਿਵਾਦ 'ਤੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਸੰਵਾਦ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਸਰਹੱਦ ਦੀ ਸਥਿਤੀ ਨੂੰ ਸਮੁੱਚੇ ਸਬੰਧਾਂ ਦੀ ਸਥਿਤੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। 'ਮੈਂ ਇਹ ਕਿਤਾਬ ਗਲਵਾਨ ਘਾਟੀ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਪਹਿਲਾਂ ਲਿਖੀ ਸੀ।'
ਤੁਹਾਨੂੰ ਦੱਸ ਦੇਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ 15 ਜੂਨ ਨੂੰ ਹੋਈ ਝੜਪ ਦੌਰਾਨ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਤਣਾਅ ਕਾਫ਼ੀ ਵਧ ਗਿਆ ਸੀ। ਚੀਨੀ ਫੌਜੀ ਵੀ ਮਾਰੇ ਗਏ, ਪਰ ਗੁਆਂਢੀ ਦੇਸ਼ ਨੇ ਉਨ੍ਹਾਂ ਦੇ ਵੇਰਵੇ ਨਹੀਂ ਦਿੱਤੇ। ਅਮਰੀਕੀ ਖੁਫ਼ੀਆ ਰਿਪੋਰਟ ਦੇ ਅਨੁਸਾਰ 35 ਚੀਨੀ ਫ਼ੌਜੀ ਵੀ ਮਾਰੇ ਗਏ ਹਨ।
ਆਪਣੀ ਨਵੀਂ ਪ੍ਰਕਾਸ਼ਿਤ ਕਿਤਾਬ 'ਦਿ ਇੰਡੀਆ ਵੇਅ' ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਸਰਹੱਦ 'ਤੇ ਸ਼ਾਂਤੀ ਨਹੀਂ ਬਣਦੀ ਤਾਂ ਬਾਕੀ ਸਬੰਧ ਜਾਰੀ ਨਹੀਂ ਰਹਿ ਸਕਦੇ ਕਿਉਂਕਿ ਸਪੱਸ਼ਟ ਤੌਰ 'ਤੇ ਸਬੰਧਾਂ ਦਾ ਆਧਾਰ ਸ਼ਾਂਤੀ ਹੈ।'
ਜੈਸ਼ੰਕਰ ਦੇ 10 ਸਤੰਬਰ ਨੂੰ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਵੈਂਗ ਨਾਲ ਮੁਲਾਕਾਤ ਹੋਣ ਦੀ ਉਮੀਦ ਹੈ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਚੀਨੀ ਹਮਰੁਤਬਾ ਨੂੰ ਕੀ ਸੁਨੇਹਾ ਦੇਣਗੇ ਤਾਂ ਜੈਸ਼ੰਕਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਅਸਲ ਵਿੱਚ ਕੀ ਦੱਸਾਂਗਾ, ਉਹ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦੱਸ ਸਕਦਾ।
ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੱਖ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਦੇ ਵਿਆਪਕ ਸਿਧਾਂਤ 'ਤੇ ਕੇਂਦਰਿਤ ਰਹੇਗਾ ਤਾਂ ਕਿ ਸਬੰਧਾਂ ਦਾ ਸਰਵਪੱਖੀ ਵਿਕਾਸ ਹੋ ਸਕੇ ਜੋ ਪਿਛਲੇ 30 ਸਾਲਾਂ ਦੇ ਸਬੰਧਾਂ ਵਿੱਚ ਝਲਕਦਾ ਹੈ।
ਵਿਦੇਸ਼ ਮੰਤਰੀ ਨੇ 1993 ਤੋਂ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਪ੍ਰਬੰਧਨ ਉੱਤੇ ਕਈ ਸਮਝੌਤਿਆਂ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਇੱਕ ਸਪੱਸ਼ਟ ਸ਼ਰਤ ਹੈ ਕਿ ਸਰਹੱਦ ਉੱਤੇ ਫੋਰਸਾਂ ਦਾ ਪੱਧਰ ਘੱਟੋ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਹੁਤ ਗੰਭੀਰ ਸਵਾਲ ਉੱਠਦੇ ਹਨ। ਮਈ ਦੀ ਸ਼ੁਰੂਆਤ ਤੋਂ ਇਹ ਇੱਕ ਬਹੁਤ ਗੰਭੀਰ ਸਥਿਤੀ ਬਣੀ ਹੋਈ ਹੈ ਅਤੇ ਇਸ ਵਿੱਚ ਦੋਹਾਂ ਧਿਰਾਂ ਵਿਚਾਲੇ ਰਾਜਨੀਤਕ ਪੱਧਰ 'ਤੇ ਕਾਫ਼ੀ ਗਹਿਰੇ ਵਿਚਾਰ-ਵਟਾਂਦਰੇ ਦੀ ਲੋੜ ਹੈ।'
ਜੈਸ਼ੰਕਰ ਨੇ ਕਿਹਾ ਕਿ ਇਤਿਹਾਸਿਕ ਸਮੇਂ ਤੋਂ ਹੀ ਸਮੱਸਿਅਵਾਂ ਚੱਲਦੀਆਂ ਆ ਰਹੀਆਂ ਹਨ।