ਨਵੀਂ ਦਿੱਲੀ: ਸਾਲ 2021 ਵਿੱਚ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਤਹਿਤ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਵਾਲੀ ਜਾਗੋ ਪਾਰਟੀ ਨੇ ਆਪਣੇ ਚੁਣਾਵੀ ਚੋਣ ਨਿਸ਼ਾਨ ਦਾ ਐਲਾਨ ਕਰ ਦਿੱਤਾ ਹੈ।
ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਕਿਤਾਬ ਦੇ ਚਿੰਨ ਦੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਸਾਰੇ ਮੱਦਿਆਂ ਨੂੰ ਪਹਿਲਾ ਦੇਵੇਗੀ ਜੋ ਸਿੱਖ ਧਰਮ ਪ੍ਰਚਾਰ ਅਤੇ ਸੰਗਤ ਦੇ ਹਿੱਤ ਨਾਲ ਜੁੜੇ ਹੋਣਗੇ।
ਮੀਡੀਆ ਦੇ ਮੁਖ਼ਾਤਬ ਹੁੰਦਿਆ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਨਿਸ਼ਾਨ ਚੁਣਨ ਲਈ ਕਈ ਬਦਲ ਦਿੱਤੇ ਗਏ ਸਨ ਪਰ ਉਨ੍ਹਾਂ ਨੇ ਕਿਤਾਬ ਨੂੰ ਹੀ ਚੁਣਿਆ ਕਿਉਂਕਿ ਧਰਮ ਨੂੰ ਸਿੱਖਣ, ਸਮਝਣ ਤੋਂ ਲੈ ਕੇ ਕਰਤੱਵਾ ਦੇ ਪਾਲਣ ਤੱਕ ਕਿਤਾਬ ਹੀ ਮੁੱਖ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸਾਰੇ ਵਾਰਡਾਂ (46) ਵਿੱਚ ਚੋਣ ਲੜੇਗੀ।
ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਇੱਕ ਧਾਰਮਕ ਪਾਰਟੀ ਹੈ ਜਿਸ ਦਾ ਕੋਈ ਵੀ ਮੈਂਬਰ ਵਿਧਾਇਤ, ਸਾਂਸਦ ਜਾਂ ਮੰਤਰੀ ਕਿਸੇ ਵੀ ਜਗ੍ਹਾ ਤੋਂ ਚੋਣ ਨਹੀਂ ਲੜੇਗਾ।
ਡੀਐਸਜੀਐਮਸੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਅਸਿੱਧੇ ਢੰਗ ਨਾਲ ਹਮਲਾ ਬੋਲਦਿਆਂ ਜੀਕੇ ਨੇ ਕਿਹਾ ਕਿ ਕਈ ਲੋਕ ਵਿਧਾਇਕ ਅਤੇ ਮੰਤਰੀ ਬਣ ਜਾਣ ਤੋਂ ਬਾਅਦ ਕਮੇਟੀ ਵਿੱਚ ਕਿਹੋ ਜਿਹੇ ਕਾਰਨਾਮੇ ਕਰਦੇ ਹਨ ਇਹ ਸਾਰਿਆਂ ਨੂੰ ਪਤਾ ਹੈ।
ਅਕਾਲੀ ਦਲ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਬੇਅਦਬੀ ਹੋਵੇ ਜਾਂ ਭ੍ਰਿਸ਼ਟਾਚਾਰ ਦਾ ਮਾਮਲਾ ਬਾਦਲ ਸਭ ਵਿੱਚ ਬਰਾਬਰ ਦੇ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ ਨੂੰ ਹਟਾਉਣਾ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ।