ਅਬੂ ਧਾਬੀ: ਆਈਪੀਐਲ 2020 ਦੇ ਉਦਘਾਟਨੀ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਟਾਸ ਹਾਰ ਕੇ ਬੱਲੇਬਾਜ਼ੀ ਲਈ ਉਤਰੀ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਟੀਮ ਨੇ 19.2 ਓਵਰਾਂ ਵਿੱਚ 166 ਦੌੜਾਂ ਬਣਾ ਕੇ ਸਰ ਕਰ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਦੋਵੇਂ ਸਲਾਮੀ ਬੱਲੇਬਾਜ ਦੋ ਓਵਰਾਂ ਦੇ ਅੰਦਰ-ਅੰਦਰ ਆਊਟ ਹੋ ਕੇ ਵਾਪਸ ਚਲੇ ਗਏ। ਇਸ ਪਿਛੋਂ ਬੱਲਬਾਜ਼ੀ ਲਈ ਆਏ ਅੰਬਾਤੀ ਰਾਇਡੂ ਦੀਆਂ 71 ਦੌੜਾਂ ਅਤੇ ਅਜੇਤੂ ਰਹੇ ਫਾਫ ਡੂ ਪਲੇਸਿਸ ਦੀਆਂ 58 ਦੌੜਾਂ ਨੇ ਟੀਮ ਦੀ ਜਿੱਤ ਦੀ ਨੀਂਹ ਰੱਖੀ ਅਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸੀਜ਼ਨ ਵਿੱਚ ਚੇਨਈ ਤੇ ਮੁੰਬਈ ਵਿਚਕਾਰ 5 ਮੈਚਾਂ ਵਿੱਚੋਂ ਚੇਨਈ ਨੇ ਇਹ ਪਹਿਲਾ ਮੈਚ ਜਿੱਤਿਆ ਹੈ।
ਇਸਤੋਂ ਪਹਿਲਾਂ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਸ਼ਾਨਦਾਰ ਫ਼ੀਲਡਿੰਗ ਕਰਦੇ ਹੋਏ ਮੁੰਬਈ ਇੰਡੀਅਨ ਨੂੰ 163 ਦੌੜਾਂ 'ਤੇ ਹੀ ਰੋਕ ਦਿੱਤਾ।
ਹਾਲਾਂਕਿ, ਬੱਲੇਬਾਜ਼ੀ ਲਈ ਉਤਰੀ ਮੁੰਬਈ ਇੰਡੀਅਨ ਦੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਦੂਜੇ ਸਲਾਮੀ ਬੱਲੇਬਾਜ਼ੀ ਕੁਆਟਨ ਡੀ ਕੁਕ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ 5 ਓਵਰਾਂ ਵਿੱਚ ਟੀਮ ਲਈ 46 ਦੌੜਾਂ ਇਕੱਠੀਆਂ ਕੀਤੀਆਂ।
ਸਲਾਮੀ ਬੱਲੇਬਾਜ਼ਾਂ ਦੇ ਆਊਟ ਹੋਣ ਉਪਰੰਤ ਟੀਮ ਲਈ ਸੌਰਭ ਤਿਆਰੀ ਨੇ 46 ਦੌੜਾਂ ਅਤੇ ਸੂਰੀਆ ਕੁਮਾਰ ਯਾਦਵ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਪਰ ਇੱਕ ਸਮੇਂ 180 ਦੌੜਾਂ ਦਾ ਟੀਚਾ ਰੱਖ ਸਕਣ ਵਿੱਚ ਸਮਰੱਥ ਮੁੰਬਈ ਇੰਡੀਅਨਜ਼ ਆਖ਼ਰੀ 6 ਓਵਰਾਂ ਵਿੱਚ ਢਹਿ-ਢੇਰੀ ਹੋ ਗਈ ਅਤੇ ਸਿਰਫ਼ 41 ਦੌੜਾਂ ਹੀ ਜੋੜ ਸਕੀ। ਚੇਨਈ ਲਈ ਇਨਗਿਡੀ ਨੇ 3 ਵਿਕਟਾਂ, ਜਦਕਿ ਦੀਪਕ ਚਹਿਰ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ।