ਇਟਲੀ: ਕੋਰੋਨਾ ਵਾਇਰਸ ਨਾਲ ਇਟਲੀ ਵਿੱਚ ਲਗਾਤਾਰ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਰੋਨਾ ਦਾ ਕਹਿਰ ਲਗਾਤਾਰ ਪੂਰੀ ਦੁਨੀਆ ਵਿੱਚ ਵਧਦਾ ਜਾ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਦੇ ਪੱਤਰਕਾਰ ਨੇ ਇਟਲੀ ਵਿੱਚ ਇੱਕ ਮਹੀਨੇ ਤੋਂ ਆਪਣੇ ਘਰ ਵਿੱਚ ਕੈਦ ਅਨਿਲ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ।
ਅਨਿਲ ਸ਼ਰਮਾ ਨੇ ਦੱਸਿਆ ਕਿ ਇੱਕ ਫ਼ਰਵਰੀ ਤੋਂ ਸਰਕਾਰ ਨੂੰ ਲੌਕਡਾਊਨ ਕਰ ਦੇਣਾ ਚਾਹੀਦਾ ਸੀ ਪਰ ਨਾ ਕਰਨ ਦੇ ਚੱਲਦਿਆਂ ਇੱਥੇ ਹਾਲਾਤ ਮਾੜੇ ਹੋ ਗਏ। ਉਨ੍ਹਾਂ ਦੱਸਿਆ ਕਿ 60 ਸਾਲ ਦੇ ਉੱਪਰ ਵਾਲੇ ਵਿਅਕਤੀਆਂ ਦਾ ਇਲਾਜ ਨਾ ਕਰਨ ਬਾਰੇ ਪਹਿਲਾਂ ਹੀ ਅਨਾਊਂਸਮੈਂਟ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ 30 ਸਾਲ ਤੱਕ ਦੇ ਨੌਜਵਾਨਾਂ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ।
ਅਨਿਲ ਸ਼ਰਮਾ ਨੇ ਇਟਲੀ ਦੀ ਫੈਕਟਰੀਆਂ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਤੱਕ ਇੱਥੇ ਦੀਆਂ ਫੈਕਟਰੀਆਂ ਵੀ ਚੱਲਦੀਆਂ ਰਹੀਆਂ, ਇਸ ਕਾਰਨ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ।
ਉਨ੍ਹਾਂ ਦੱਸਿਆ ਕਿ ਯੂਰਪ ਦੇ ਕਈ ਦੇਸ਼ਾਂ ਤੋਂ ਮਦਦ ਮੰਗੀ ਪਰ ਕੋਈ ਅੱਗੇ ਨਹੀ ਆਇਆ। ਰੂਸ, ਚੀਨ ਕਿਊਬਾ ਤੇ ਭਾਰਤ ਵੱਲੋਂ ਹੀ ਇਟਲੀ ਦੀ ਮਦਦ ਕੀਤੀ ਜਾ ਰਹੀ ਹੈ, ਜਿਸ ਦੇ ਲਈ ਉਨ੍ਹਾਂ ਨੇ ਪੀਐੱਮ ਮੋਦੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਘਰ ਦੇ ਵਿੱਚੋਂ ਸਿਰਫ਼ ਇੱਕ ਮੈਂਬਰ ਹੀ ਬਾਹਰ ਜਾ ਸਕਦਾ ਹੈ, ਜਿਸ ਦੇ ਲਈ ਪੁਲਿਸ ਨੂੰ ਦੱਸ ਕੇ ਬਾਹਰ ਜਾਣਾ ਪੈਂਦਾ।
ਉਨ੍ਹਾਂ ਦੱਸਿਆ ਕਿ ਇਟਲੀ ਦੇ ਵਿੱਚ ਹਾਲਾਤ ਇਹ ਹਨ ਕਿ ਮਿਲਟਰੀ ਦੇ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਲੈ ਕੇ ਜਾ ਰਹੇ ਹਨ ਤੇ ਲਾਸ਼ਾਂ ਨੂੰ ਜਲਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ 6-7 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜੋ: ਹੁਸ਼ਿਆਰਪੁਰ: ਪਿੰਡ ਮੋਰਾਂਵਾਲੀ ’ਚ ਕੋਰੋਨਾ ਦੇ ਦੂਜੇ ਮਰੀਜ਼ ਦੀ ਹੋਈ ਪੁਸ਼ਟੀ
ਅਨਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਦੇ ਲਈ ਭਾਰਤ ਨੂੰ ਕੀਤੇ ਲੌਕਡਾਊਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ।