ਦੇਹਰਾਦੂਨ: ਅੱਜ ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ 423 ਜੈਂਟਲਮੈਨ ਉਮੀਦਵਾਰ ਸ਼ਾਮਿਲ ਹੋਏ। ਇਸ ਵਿੱਚ 333 ਭਾਰਤੀ ਉਮੀਦਵਾਰ ਅਤੇ 90 ਵਿਦੇਸ਼ੀ ਉਮੀਦਵਾਰ ਸ਼ਾਮਲ ਸਨ। ਅੱਜ ਭਾਰਤੀ ਫੌਜੀ ਅਕੈਡਮੀ ਵਿੱਚੋਂ ਪਾਸ ਹੋ ਕੇ 333 ਜਾਂਬਾਜ਼ ਭਾਰਤੀ ਫੌਜ ਵਿੱਚ ਅਧਿਕਾਰੀ ਬਣਨਗੇ।
ਇਸ ਵਾਰ ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੇ 66 ਉਮੀਦਵਾਰ ਹਨ। ਇਸ ਵਾਰ ਪੰਜਾਬ ਤੋਂ 25 ਉਮੀਦਵਾਰ ਸੈਨਾ ਵਿੱਚ ਅਧਿਕਾਰੀ ਬਣ ਰਹੇ ਹਨ। ਹਰਿਆਣਾ 39 ਉਮੀਦਵਾਰਾਂ ਨਾਲ ਦੂਜੇ ਨੰਬਰ 'ਤੇ ਹੈ।
13 ਜੂਨ ਨੂੰ ਸੰਭਾਵਿਤ ਤੌਰ 'ਤੇ ਆਰਮੀ ਚੀਫ ਮਨੋਜ ਮੁਕੰਦ ਨਰਵਨੇ ਦੀ ਮੌਜੂਦਗੀ ਵਿੱਚ ਉਮੀਦਵਾਰਾਂ ਦੀ ਸਹੁੰ ਚੁਕਾਈ ਜਾਵੇਗੀ। ਦੱਸ ਦਈਏ ਕਿ ਆਖ਼ਰੀ ਪੜਾਅ ਦੇ ਨਾਲ ਪਾਸਆਊਟ ਅਧਿਕਾਰੀ ਆਪਣੀ ਰੈਜੀਮੈਂਟ ਵਿੱਚ ਤਾਇਨਾਤ ਹੋਣਗੇ। ਅੱਜ ਹੋਣ ਵਾਲੀ ਪਾਸਿੰਗ ਆਊਟ ਪਰੇਡ ਦੌਰਾਨ ਦੇਖਣ ਵਾਲੀ ਗੈਲਰੀ ਪੂਰੀ ਤਰ੍ਹਾਂ ਖਾਲੀ ਰਹੀ। ਇਸ ਦੌਰਾਨ ਦਰਸ਼ਕਾਂ ਨੇ ਲਾਈਵ ਸਟ੍ਰੀਮਿੰਗ ਰਾਹੀਂ ਘਰ ਬੈਠ ਕੇ ਪਰੇਡ ਵੇਖੀ।
ਇਹ ਵੀ ਪੜ੍ਹੋ: ਇਸ ਵਾਰ ਵੱਖਰੇ ਅੰਦਾਜ਼ 'ਚ ਹੋ ਰਹੀ IMA ਦੀ ਪਾਸਿੰਗ ਆਊਟ ਪਰੇਡ
ਮਿੱਤਰ ਦੇਸ਼ਾਂ ਦੀ ਸੈਨਾ ਮਿਲਣਗੇ ਇੰਨੇ ਅਧਿਕਾਰੀ
ਇਸ ਵਾਰ ਪਾਸਿੰਗ ਆਊਟ ਪਰੇਡ ਵਿੱਚ ਮਿੱਤਰ ਦੇਸ਼ਾਂ ਨੂੰ 90 ਅਧਿਕਾਰੀ ਮਿਲਣਗੇ। ਅਫ਼ਗਾਨਿਸਤਾਨ ਦੇ 48, ਭੂਟਾਨ ਦੇ 13, ਫਿਜੀ ਦੇ 2, ਮਾਲਦੀਵ ਦੇ 3, ਮਾਰੀਸ਼ਸ ਦੇ 3, ਪਾਪੁਆ ਨਿਊ ਗਿੰਨੀ ਦਾ 1, ਸ੍ਰੀਲੰਕਾ ਦਾ 1, ਵੀਅਤਨਾਮ ਦਾ 1 ਅਤੇ ਤਜਾਕਿਸਤਾਨ ਦੇ 18 ਉਮੀਦਵਾਰ ਪਾਸ ਹੋ ਰਹੇ ਹਨ।
ਕਿਸ ਰਾਜ ਤੋਂ ਕਿੰਨੇ ਉਮੀਦਵਾਰ
ਇਸ ਵਾਰ ਭਾਰਤੀ ਫੌਜ ਨੂੰ 333 ਜਾਂਬਾਜ਼ ਅਧਿਕਾਰੀ ਮਿਲਣ ਜਾ ਰਹੇ ਹਨ। ਉੱਤਰ ਪ੍ਰਦੇਸ਼ ਤੋਂ 66, ਹਰਿਆਣਾ ਤੋਂ 39, ਉਤਰਾਖੰਡ ਤੋਂ 31, ਬਿਹਾਰ ਤੋਂ 31, ਪੰਜਾਬ ਤੋਂ 25, ਮਹਾਰਾਸ਼ਟਰ ਤੋਂ 18, ਹਿਮਾਚਲ ਪ੍ਰਦੇਸ਼ ਤੋਂ 14, ਜੰਮੂ-ਕਸ਼ਮੀਰ ਤੋਂ 14, ਰਾਜਸਥਾਨ ਤੋਂ 13, ਮੱਧ ਪ੍ਰਦੇਸ਼ ਤੋਂ 13, ਕੇਰਲ ਤੋਂ 8, ਗੁਜਰਾਤ ਤੋਂ 8, ਦਿੱਲੀ ਤੋਂ 7, ਕਰਨਾਟਕ ਤੋਂ 7, ਪੱਛਮੀ ਬੰਗਾਲ ਤੋਂ 6, ਆਂਧਰਾ ਪ੍ਰਦੇਸ਼ ਤੋਂ 4, ਛੱਤੀਸਗੜ ਤੋਂ 4, ਝਾਰਖੰਡ ਤੋਂ 4, ਮਨੀਪੁਰ ਤੋਂ 4, ਚੰਡੀਗੜ੍ਹ ਤੋਂ 3, ਅਸਮ ਤੋਂ 2, ਉੜੀਸਾ ਤੋਂ 2, ਤਾਮਿਲਨਾਡੂ ਤੋਂ 2 ਤੇਲੰਗਾਨਾ ਤੋਂ 2, ਮੇਘਾਲਿਆ, ਮਿਜ਼ੋਰਮ ਅਤੇ ਲੱਦਾਖ ਤੋਂ ਇੱਕ-ਇੱਕ ਉਮੀਦਵਾਰ ਪਾਸ ਕਰ ਰਹੇ ਹਨ।
ਦੱਸ ਦਈਏ ਕਿ ਆਈਐਮਏ ਦੀ ਸਥਾਪਨਾ 1 ਅਕਤੂਬਰ 1932 ਨੂੰ 40 ਕੈਡਿਟਾਂ ਨਾਲ ਕੀਤੀ ਗਈ ਸੀ ਅਤੇ 1934 ਵਿੱਚ ਇੰਡੀਅਨ ਮਿਲਟਰੀ ਅਕੈਡਮੀ ਤੋਂ ਪਹਿਲਾ ਬੈਚ ਪਾਸ ਆਉਟ ਹੋਇਆ ਸੀ। ਸੈਮ ਮੇਨਕਸ਼ਾਅ, ਭਾਰਤੀ ਫੌਜ ਦਾ ਪਹਿਲਾ ਫੀਲਡ ਮਾਰਸ਼ਲ ਜੋ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦਾ ਨਾਇਕ ਸੀ, ਵੀ ਅਕੈਡਮੀ ਦਾ ਵਿਦਿਆਰਥੀ ਰਿਹਾ ਹੈ। ਇੰਡੀਅਨ ਮਿਲਟਰੀ ਅਕੈਡਮੀ ਤੋਂ ਭਾਰਤ ਅਤੇ ਵਿਦੇਸ਼ਾਂ ਨੂੰ 62 ਹਜ਼ਾਰ 139 ਨੌਜਵਾਨ ਅਧਿਕਾਰੀ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਮਿੱਤਰ ਦੇਸ਼ਾਂ ਦੇ 2413 ਨੌਜਵਾਨ ਅਧਿਕਾਰੀ ਸ਼ਾਮਲ ਹਨ। ਪਾਸਿੰਗ ਆਊਟ ਪਰੇਡ ਹਰ ਸਾਲ ਜੂਨ ਅਤੇ ਦਸੰਬਰ ਵਿੱਚ ਆਈਐਮਏ ਵਿਖੇ ਆਯੋਜਤ ਕੀਤੀ ਜਾਂਦੀ ਹੈ। ਇਸ ਪਰੇਡ ਦੇ ਦੌਰਾਨ ਆਖ਼ਰੀ ਪੜਾਅ ਪਾਰ ਕਰਦੇ ਹੀ ਉਮੀਦਵਾਰ ਫੌਜ ਵਿੱਚ ਅਧਿਕਾਰੀ ਬਣ ਜਾਂਦੇ ਹਨ।