ਨਵੀਂ ਦਿੱਲੀ: ਰੂਸ ਵੱਲੋਂ ਆਯੋਜਿਤ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਵਿਚ, ਪਾਕਿਸਤਾਨੀ ਐਨਐਸਏ ਨੇ ਜਾਣਬੁੱਝ ਕੇ ਇਕ ਕਲਪਨਾਤਮਕ ਨਕਸ਼ਾ ਪੇਸ਼ ਕੀਤਾ, ਜਿਸ ਨੂੰ ਪਾਕਿਸਤਾਨ ਹਾਲ ਹੀ ਵਿਚ ਅੱਗੇ ਵਧਾ ਰਿਹਾ ਹੈ।
ਇਸ ਮਾਮਲੇ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਮੇਜ਼ਬਾਨ ਵੱਲੋਂ ਇਸ ਦੇ ਖ਼ਿਲਾਫ਼ ਦਿੱਤੀ ਗਈ ਸਲਾਹ ਦੀ ਘੋਰ ਅਣਗਹਿਲੀ ਅਤੇ ਮੀਟਿੰਗ ਦੇ ਨਿਯਮਾਂ ਦੀ ਉਲੰਘਣਾ ਹੈ। ਮੇਜ਼ਬਾਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਭਾਰਤੀ ਪੱਖ ਨੇ ਇਸ ਮੌਕੇ ਵਿਰੋਧ ਵਿੱਚ ਬੈਠਕ ਛੱਡਣ ਦਾ ਫੈਸਲਾ ਕੀਤਾ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਅਜੀਤ ਡੋਭਾਲ ਨੇ ਬੈਠਕ ਨੂੰ ਛੱਡਣ ਤੋਂ ਪਹਿਲਾਂ ਮੇਜ਼ਬਾਨ ਰੂਸ ਦੇ ਐਨਐਸਏ ਨਾਲ ਸਲਾਹ-ਮਸ਼ਵਰਾ ਕੀਤਾ। ਇਸ ਮੁੱਦੇ 'ਤੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਵੇਂ ਦੀ ਉਮੀਦ ਕੀਤੀ ਜਾ ਰਹੀ ਸੀ, ਪਾਕਿਸਤਾਨ ਨੇ ਇਸ ਬੈਠਕ ਨੂੰ ਲੈ ਕੇ ਉਵੇਂ ਦੀ ਹੀ ਗੁੰਮਰਾਹਕੁੰਨ ਤਸਵੀਰ ਪੇਸ਼ ਕੀਤੀ।
ਉੱਥੇ ਹੀ, ਸਰਕਾਰ ਦੇ ਸੂਤਰਾਂ ਅਨੁਸਾਰ, ਰੂਸੀ ਸੰਘ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨਿਕੋਲਾਈ ਪੇਤਰੂਸੇਵ ਨੇ ਕਿਹਾ ਕਿ ਰੂਸ ਨੇ ਪਾਕਿਸਤਾਨ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਪਾਕਿਸਤਾਨ ਦਾ ਭੜਕਾਉਣ ਵਾਲਾ ਕੰਮ ਐਸਸੀਓ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਪ੍ਰਭਾਵਤ ਨਹੀਂ ਕਰੇਗਾ।