ਨਵੀਂ ਦਿੱਲੀ: ਭਾਰਤੀ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕਿਹਾ ਹੈ ਕਿ ਭਾਰਤ ਕੋਰੋਨਾ ਵਾਇਰਸ ਦੀ ਲਾਗ ਦੇ ਦੂਜੇ ਪੜਾਅ ਵਿੱਚ ਹੈ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਵੇਲੇ ਕੋਰੋਨਾ ਵਾਇਰਸ ਦੀ ਜਾਂਚ ਲਈ 72 ਲੈਬ ਕੰਮ ਕਰ ਰਹੀਆਂ ਹਨ।
ਡਾ. ਬਲਰਾਮ ਭਾਰਗਵ ਨੇ ਦੱਸਿਆ, 'ਸਾਨੂੰ ਪਹਿਲਾਂ ਹੀ ਪਤਾ ਹੈ ਕਿ ਅਸੀਂ ਪੜਾਅ 2 ਵਿੱਚ ਹਾਂ, ਅਸੀਂ ਸਪਸ਼ਟ ਤੌਰ 'ਤੇ ਪੜਾਅ 3 ਵਿੱਚ ਨਹੀਂ ਹਾਂ।' ਉਨ੍ਹਾਂ ਦੱਸਿਆ ਕਿ ਇਸ ਵੇਲੇ ICMR ਦੀ ਪ੍ਰਯੋਗਸ਼ਾਲਾ ਦਾ ਵਿਸਥਾਰ ਹੋ ਰਿਹਾ ਹੈ। ਆਈਸੀਐਮਆਰ ਆਪਣੀਆਂ ਪ੍ਰਯੋਗਸ਼ਾਲਾਂ ਦੀ ਗਿਣਤੀ ਵਧਾ ਰਿਹਾ ਹੈ। 17 ਮਾਰਚ ਸ਼ਾਮ 4.30 ਵਜੇ ਤੋਂ ਭਾਰਤ ਵਿੱਚ ਆਈਸੀਐਮਆਰ ਪ੍ਰਣਾਲੀ ਅਧੀਨ 72 ਕਾਰਜਸ਼ੀਲ ਪ੍ਰਯੋਗਸ਼ਾਲਾਂ ਹਨ।
ਡਾ. ਭਾਰਗਵ ਨੇ ਦੱਸਿਆ ਕਿ ਆਈਸੀਐਮਆਰ ਨੇ ਗੈਰ- ਆਈਸੀਐਮਆਰ, ਸਿਹਤ ਮੰਤਰਾਲੇ ਅਤੇ ਸਰਕਾਰੀ ਪ੍ਰਯੋਗਸ਼ਾਲਾਵਾਂ ਤੋਂ ਵੀ ਮਦਦ ਲਈ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਵਿੱਚ ਸੀਐੱਸਆਈਆਰ, ਡੀਆਰਡੀਓ, ਡੀਬੀਟੀ, ਸਰਕਾਰ ਮੈਡੀਕਲ ਕਾਲਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 49 ਪ੍ਰਯੋਗਸ਼ਾਲਾਵਾਂ ਵਿੱਚ ਟੈਸਟਿੰਗ ਇਸ ਹਫ਼ਤੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।
ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਕੋਰੋਨਾ ਦੀ ਲਾਗ ਦੀ ਜਾਂਚ ਲਈ ਉੱਚ ਪੱਧਰੀ ਪ੍ਰਾਈਵੇਟ ਲੈਬਾਰਟਰੀਆਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਐਨਏਬੀਐਲ ਵੱਲੋਂ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਪ੍ਰਕਿਰਿਆ ਵਿੱਚ ਉੱਚ ਪੱਧਰੀ ਪ੍ਰਾਈਵੇਟ ਲੈਬਾਂ ਨੂੰ ਸ਼ਾਮਲ ਕਰਨ ਨਾਲ ਢੁਕਵੇਂ ਸੁਰੱਖਿਆ ਉਪਾਅ ਸੁਨਿਸ਼ਚਿਤ ਕਰਨ ਸਮੇਂ ਟੈਸਟਾਂ ਅਤੇ ਨਤੀਜਿਆਂ ਦੀ ਰੂਪ ਰੇਖਾ ਨੂੰ ਸਮਝਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਆਈਸੀਐਮਆਰ ਦੋ ਹਾਈ- ਥੂਰਪੁੱਟ ਪ੍ਰਣਾਲੀਆਂ ਨੂੰ ਵੀ ਸ਼ੁਰੂ ਕਰ ਰਿਹਾ ਹੈ। ਇਹ ਤੇਜ਼ੀ ਨਾਲ ਪਰਖ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਹਨ। ਇਨ੍ਹਾਂ ਨੂੰ 2 ਥਾਵਾਂ 'ਤੇ ਚਲਾਇਆ ਜਾਵੇਗਾ ਅਤੇ ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਰੋਜ਼ਾਨਾ 1400 ਨਮੂਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ। ਆਈਸੀਐਮਆਰ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਹਫਤੇ ਦੇ ਅੰਤ ਤੱਕ ਦੋ ਹਾਈ-ਥੂਰਪੁੱਟ ਸਿਸਟਮ ਚਾਲੂ ਹੋ ਜਾਣਗੇ।