ਨਵੀਂ ਦਿੱਲੀ: ਸਾਰੀ ਦੁਨੀਆ ਕੋਰੋਨਾ ਸੰਕਟ ਦੀ ਲਪੇਟ ਵਿਚ ਹੈ। ਇਹ ਭਾਰਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਮਹਾਮਾਰੀ ਕਾਰਨ ਵਪਾਰ ਅਤੇ ਪੁਰੀ ਤਰ੍ਹਾਂ ਠੱਪ ਹੋ ਗਏ ਹਨ। ਇਸ ਦੌਰਾਨ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਤੋਂ ਬਚਣ ਲਈ ਕੁਝ ਸੁਝਾਅ ਦਿੱਤੇ ਹਨ। ਰਾਜਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਆਰਥਿਕ ਐਮਰਜੈਂਸੀ ਪੜਾਅ ਵਿੱਚ ਹੈ।
ਗ਼ਰੀਬਾਂ ‘ਤੇ ਖਰਚ ਕਰਨ ਦੀ ਲੋੜ
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗ਼ਰੀਬਾਂ ‘ਤੇ ਖਰਚ ਕਰਨ ਅਤੇ ਘੱਟ ਜ਼ਰੂਰੀ ਖਰਚਿਆਂ ਤੋਂ ਪਰਹੇਜ਼ ਕਰਨ ਵੱਲ਼ ਧਿਆਨ ਦੇਣਾ ਚਾਹੀਦਾ ਹੈ। ਰਘੂਰਾਮ ਰਾਜਨ ਨੇ ਇੱਕ ਬਲਾਗ ਵਿੱਚ ਕਿਹਾ ਕਿ ਗਰੀਬਾਂ ਉੱਤੇ ਖਰਚ ਕਰਨਾ ਸਹੀ ਹੈ। ਉਨ੍ਹਾਂ ਕਿਹਾ ਕਿ ਸੀਮਤ ਸਰੋਤ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ। ਹਾਲਾਂਕਿ, ਇਸ ਸਮੇਂ ਲੋੜਵੰਦ ਲੋਕਾਂ 'ਤੇ ਵੱਧ ਖਰਚਾ ਕਰਨਾ ਜ਼ਰੂਰੀ ਹੈ। ਇਹ ਸਾਡੇ ਲਈ ਇੱਕ ਰਾਸ਼ਟਰ ਵਜੋਂ ਸਹੀ ਹੈ ਅਤੇ ਕੋਰੋਨਾ ਵਾਇਰਸ ਖ਼ਿਲਾਫ਼ ਯੁੱਧ ਵਿਚ ਯੋਗਦਾਨ ਦੇਣ ਦੇ ਲਿਹਾਜ਼ ਤੋਂ ਸਹੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀਆਂ ਬਜਟ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਾਂ, ਖ਼ਾਸਕਰ ਜਦੋਂ ਆਮਦਨੀ ਵੀ ਇਸ ਸਾਲ ਪ੍ਰਭਾਵਤ ਹੋਵੇਗੀ। ਅਸੀਂ ਉਸ ਸਮੇਂ ਕੋਰੋਨਾ ਦੇ ਸੰਕਟ ਵਿੱਚ ਫਸ ਗਏ ਹਾਂ ਜਦੋਂ ਵਿੱਤੀ ਘਾਟਾ ਪਹਿਲਾਂ ਹੀ ਵੱਧ ਹੈ ਅਤੇ ਖਰਚਿਆਂ ਨੂੰ ਵਧਾਉਣ ਦੀ ਜ਼ਰੂਰਤ ਹੈ।
ਕੇਂਦਰ ਤੇ ਰਾਜ ਰਲ਼ ਕੇ ਰਣਨਿਤੀ ਬਣਾਉਣ
ਲੌਕਡਾਊਨ ਤੋਂ ਬਾਅਦ ਦੀ ਯੋਜਨਾ ਬਾਰੇ ਰਾਜਨ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਗਰੀਬ ਅਤੇ ਘੱਟ ਆਮਦਨੀ ਮੱਧਵਰਗੀ ਜੀਵਨ ਬਸਰ ਕਰ ਸਕੇ, ਜਿਨ੍ਹਾਂ ਨੂੰ ਲੰਮੇ ਸਮੇਂ ਲਈ ਕੰਮ ਕਰਨ ਤੋਂ ਰੋਕਿਆ ਗਿਆ ਹੈ। ਕੇਂਦਰ ਅਤੇ ਰਾਜਾਂ ਨੂੰ ਮਿਲ ਕੇ ਰਣਨੀਤੀ ਬਣਾਉਣੀ ਪਵੇਗੀ ਅਤੇ ਅਗਲੇ ਕੁਝ ਮਹੀਨਿਆਂ ਲਈ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੇ ਖਾਤਿਆਂ ਵਿੱਚ ਡੀਬੀਟੀ ਰਾਹੀਂ ਪੈਸੇ ਪਾਉਣੇ ਪੈਣਗੇ।
ਸਾਲ 2009 ਦੇ ਵਿੱਤੀ ਸੰਕਟ ਤੋਂ ਗੰਭੀਰ ਹਾਲਾਤ
ਰਘੂਰਾਮ ਰਾਜਨ ਨੇ ਕਿਹਾ, “ਸਾਲ 2008-09 ਦੇ ਵਿਸ਼ਵਵਿਆਪੀ ਵਿੱਤੀ ਸੰਕਟ ਦੌਰਾਨ ਮੰਗ ਵਿੱਚ ਭਾਰੀ ਕਮੀ ਆਈ ਸੀ, ਪਰ ਉਦੋਂ ਸਾਡੇ ਕਾਮੇ ਕੰਮ ਕਰਨ ਜਾ ਰਹੇ ਸਨ, ਸਾਡੀ ਕੰਪਨੀਆਂ ਸਾਲਾਂ ਦੇ ਮਜ਼ਬੂਤ ਵਾਧੇ ਕਾਰਨ ਮਜ਼ਬੂਤ ਸਨ, ਸਾਡੀ ਵਿੱਤੀ ਪ੍ਰਣਾਲੀ ਬਿਹਤਰ ਸਥਿਤੀ ਵਿੱਚ ਸੀ ਅਤੇ ਸਰਕਾਰ ਦੇ ਵਿੱਤੀ ਸਰੋਤ ਵੀ ਚੰਗੀ ਸਥਿਤੀ ਵਿੱਚ ਸਨ।
ਇਸ ਸਮੇਂ ਜਦੋਂ ਅਸੀਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਾਂ, ਇਨ੍ਹਾਂ ਵਿੱਚੋਂ ਕੋਈ ਵੀ ਹੀ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਸਹੀ ਢੰਗ ਨਾਲ ਕੰਮ ਕੀਤਾ ਗਿਆ ਤਾਂ ਭਾਰਤ ਕੋਲ ਇੰਨੇ ਸਰੋਤ ਹਨ ਕਿ ਅਸੀਂ ਇਸ ਸੰਕਟ ਵਿੱਚੋਂ ਉੱਭਰ ਸਕਦੇ ਹਾਂ
ਸਰਕਾਰ ਵਿਰੋਧੀ ਧਿਰ ਤੋਂ ਮੰਗੇ ਮਦਦ
ਉਨ੍ਹਾਂ ਕਿਹਾ ਕਿ ਸਰਕਾਰ ਇਸ ਕੰਮ ਵਿੱਚ ਵਿਰੋਧੀ ਧਿਰ ਦੀ ਮਦਦ ਵੀ ਲੈ ਸਕਦੀ ਹੈ, ਜਿਸ ਕੋਲ ਦੇਸ਼ ਨੂੰ ਆਖਰੀ ਵਿਸ਼ਵ ਵਿੱਤੀ ਸੰਕਟ ਤੋਂ ਹਟਾਉਣ ਦਾ ਤਜ਼ਰਬਾ ਹੈ। ਰਘੂਰਾਮ ਰਾਜਨ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਲੜਨ ਲਈ ਵੱਡੇ ਪੱਧਰ 'ਤੇ ਟੈਸਟ ਕਰਨ, ਕੁਆਰੰਟੀਨ ਅਤੇ ਸਮਾਜਿਕ ਦੂਰੀ ਲਾਗੂ ਕਰਨ ਦੀ ਲੋੜ ਹੈ। 21 ਦਿਨਾਂ ਦੀ ਤਾਲਾਬੰਦੀ ਵਾਇਰਸ ਨਾਲ ਲੜਨ ਲਈ ਪਹਿਲਾ ਕਦਮ ਹੈ, ਜਿਸ ਨੇ ਤਿਆਰੀ ਲਈ ਸਮਾਂ ਦਿੱਤਾ।