ਨਵੀਂ ਦਿੱਲੀ: ਭਾਰਤੀ ਫੌਜ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੈਨਗੋਂਗ ਤਸੋ ਦੇ ਦੱਖਣੀ ਕੰਢੇ 'ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਦਰਮਿਆਨ ਮੁੜ ਤੋਂ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਅੱਜ ਸਵੇਰੇ 10 ਵਜੇ ਚੁਸ਼ੂਲ/ ਮੋਲਦੋ ਵਿਖੇ ਹੋ ਰਹੀ ਹੈ।
ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਲੱਦਾਖ ਦੇ ਪੈਨਗੋਂਗ ਤਸੋ ਦੇ ਦੱਖਣੀ ਕੰਢੇ 'ਤੇ ਚੀਨੀ ਫੌਜ ਵੱਲੋਂ ਭਾਰਤੀ ਖੇਤਰਾਂ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਅਸਫ਼ਲ ਕਰਨ ਮਗਰੋਂ ਇਹ ਗੱਲਬਾਤ ਹੋ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਸੀ।
ਭਾਰਤੀ ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਸਟੈਂਡਆਫ ਦਰਮਿਆਨ ਪੀਐਲਏ ਫੌਜਾ ਨੇ 29-30 ਅਗਸਤ ਦੀ ਰਾਤ ਨੂੰ ਫੌਜੀ ਤੇ ਕੂਟਨੀਤਿਕ ਸਹਿਮਤੀ ਦੀ ਉਲੰਘਣਾ ਕੀਤੀ ਤੇ ਸਥਿਤੀ ਨੂੰ ਬਦਲਣ ਲਈ ਭੜਕਾਉ ਫੌਜੀ ਕਾਰਵਾਈ ਕੀਤੀ।
ਸੂਤਰਾਂ ਨੇ ਦੱਸਿਆ ਕਿ ਭਾਰਤੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਪੂਰਬੀ ਲੱਦਾਖ ਦੇ ਚੁਮਾਰ ਖੇਤਰ ਵਿੱਚ ਚੀਨੀ ਫੌਜ ਵੱਲੋਂ ਅਸਲ ਕੰਟਰੋਲ ਰੇਖਾ ਦੇ ਪਾਰ ਭਾਰਤੀ ਪਾਸੇ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਦੱਸ ਦਈਏ ਕਿ ਅਪ੍ਰੈਲ-ਮਈ ਵਿੱਚ ਚੀਨੀ ਫੌਜ ਵੱਲੋਂ ਫਿੰਗਰ ਏਰੀਆ, ਗਲਵਾਨ ਘਾਟੀ, ਗਰਮ ਚਸ਼ਮੇ ਅਤੇ ਕੁਂਗਰੁੰਗ ਨਾਲਾ ਸਮੇਤ ਕਈ ਸਰਹੱਦੀ ਇਲਾਕਿਆਂ 'ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਮਗਰੋਂ ਭਾਰਤ ਅਤੇ ਚੀਨੀ ਫੌਜਾਂ ਆਹਮੋ-ਸਾਹਮਣੇ ਹਨ।
ਪਿਛਲੇ ਤਿੰਨ ਮਹੀਨਿਆਂ ਤੋਂ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ, ਜਿਸ ਵਿੱਚ 5 ਲੈਫਟੀਨੈਂਟ ਜਨਰਲ ਪੱਧਰ ਦੀਆਂ ਮੁਲਾਕਾਤਾਂ ਸ਼ਾਮਲ ਹਨ, ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ।