ਨਵੀਂ ਦਿੱਲੀ: ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਦੇ ਨਾਲ ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਐਤਵਾਰ ਨੂੰ ਅਗਲੇ ਦੋ ਦਿਨਾਂ ਲਈ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਰੈੱਡ ਐਲਰਟ ਜਾਰੀ ਕੀਤਾ ਹੈ।
ਆਈਐਮਡੀ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਮੁਤਾਬਕ ਆਈਐਮਡੀ ਨੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਹੀਟਵੇਵ ਲਈ ਔਰੇਂਜ ਐਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਨੇ ਚੇਤਾਵਨੀ ਦਿੱਤੀ ਕਿ ਅਗਲੇ 2-3 ਦਿਨਾਂ ਵਿੱਚ ਤਾਪਮਾਨ ਕੁੱਝ ਹਿੱਸਿਆਂ ਵਿੱਚ 47 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਇਸ ਗਰਮੀ ਦੇ ਮੌਸਮ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਹੀਟਵੇਵ ਲਈ ਰੈੱਡ ਐਲਰਟ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਨੂੰ ਰਾਜਸਥਾਨ ਦੇ ਪਿਲਾਨੀ ਵਿੱਚ 46.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਆਈਐਮਡੀ ਨੇ ਆਪਣੇ ਰੋਜ਼ਾਨਾ ਬੁਲੇਟਿਨ ਵਿੱਚ ਕਿਹਾ, "ਅਗਲੇ ਪੰਜ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ ਅਤੇ ਤੇਲੰਗਾਨਾ ਵਿੱਚ ਹੀਟਵੇਵ ਦੀ ਸਥਿਤੀ ਬਹੁਤ ਸੰਭਾਵਤ ਹੈ।”
ਹੀਟਵੇਵ ਉਦੋਂ ਘੋਸ਼ਿਤ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਘੱਟੋ-ਘੱਟ 40 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਆਮ ਤਾਪਮਾਨ ਵਿੱਚ ਦਰਜ ਕੀਤੀ ਗਿਰਾਵਟ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਹੁੰਦੀ ਹੈ।
ਮੈਦਾਨੀ ਇਲਾਕਿਆਂ ਲਈ ਹੀਟਵੇਵ ਉਦੋਂ ਘੋਸ਼ਿਤ ਕੀਤੀ ਜਾਂਦੀ ਹੈ ਜਦੋਂ ਅਸਲ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਗੰਭੀਰ ਹੀਟਵੇਵ ਜਦੋਂ ਇਹ 47 ਡਿਗਰੀ ਸੈਲਸੀਅਸ ਜਾਂ ਇਸਤੋਂ ਵੱਧ ਹੁੰਦਾ ਹੈ।
ਆਈਐਮਡੀ ਚੜ੍ਹਦੇ ਕ੍ਰਮ ਵਿੱਚ ਕਿਸੇ ਵੀ ਮੌਸਮ ਪ੍ਰਣਾਲੀ ਦੀ ਤੀਬਰਤਾ- ਗ੍ਰੀਨ, ਯੈਲੋ, ਔਰੇਂਜ ਅਤੇ ਰੈੱਡ ਦੇ ਅਧਾਰ 'ਤੇ ਰੰਗਾਂ ਦੇ ਕੋਡ ਵਾਲੀਆਂ ਚਿਤਾਵਨੀਆਂ ਜਾਰੀ ਕਰਦਾ ਹੈ।