ਨਵੀਂ ਦਿੱਲੀ: ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਆਪਣੇ ਨਾਲ ਹੋਈ ਬਦਸਲੂਕੀ ਤੋਂ ਬਾਅਦ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ। ਲਾਂਬਾ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਆਪ ਵਰਕਰ ਨੂੰ ਥੱਪੜ ਮਾਰਨ ਦੀ ਉਨ੍ਹਾਂ ਦੀ ਕੋਸ਼ਿਸ਼ ਸਫਲ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਆਪ ਉਮੀਦਵਾਰ ਦੇ ਪੁੱਤਰ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਇਸ ਮੌਕੇ ਉਨ੍ਹਾਂ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕੀਤਾ। ਲਾਂਬਾ ਨੇ ਕਿਹਾ ਕਿ ਆਪ ਵਰਕਰ 'ਤੇ ਅਗਲੀ ਕਾਰਵਾਈ ਉਹ 6 ਵਜੇ ਤੋਂ ਬਾਅਦ ਕਰੇਗੀ।
ਇਸ ਤੋਂ ਪਹਿਲਾ ਅਲਕਾ ਨੇ ਦੱਸਿਆ ਕਿ ਉਹ ਉਮੀਦਵਾਰ ਹੈ ਤੇ ਚੋਣ ਕਮੀਸ਼ਨ ਉਮੀਦਵਾਰ ਨੂੰ ਪੂਰਾ ਹੱਕ ਦਿੰਦਾ ਹੈ ਕਿ ਉਹ ਆਪਣੇ ਖੇਤਰ ਦੇ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲੈਵੇ ਤੇ ਪੋਲਿੰਗ ਅਧਿਕਾਰੀ, ਪੁਲਿਸ ਤੇ ਵੋਟਰਾਂ ਨਾਲ ਮਿਲੇ। ਲਾਂਬਾ ਨੇ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਪੋਲਿੰਗ ਸਟੇਸ਼ਨ 'ਚ ਸਭ ਕੁੱਝ ਠੀਕ ਚਲ ਰਿਹਾ ਹੈ।
ਦੱਸਣਯੋਗ ਹੈ ਕਿ ਚਾਂਦਨੀ ਚੌਕ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨਾਲ ਇੱਕ 'ਆਪ' ਵਰਕਰ ਨੇ ਬਦਸਲੂਕੀ ਕੀਤੀ, ਜਿਸ ਕਾਰਨ ਅਲਕਾ ਲਾਂਬਾ ਨੇ ਉਸ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਵਰਕਰ ਪਿੱਛੇ ਹਟ ਗਿਆ।